ਕੈਲੀਫੋਰਨੀਆ ਪੁਲਸ ਦੇ ਖੋਜੀ ਕੁੱਤੇ ਨੇ ਕੀਤਾ ਲੱਖਾਂ ਗੈਰ-ਕਾਨੂੰਨੀ ਡਾਲਰ ਅਤੇ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼
Sunday, Aug 29, 2021 - 01:11 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਹਾਈਵੇਅ ਪੁਲਸ (ਸੀ.ਐਚ.ਪੀ.) ਵੱਲੋਂ ਕਈ ਕੇਸਾਂ ਵਿੱਚ ਛਾਣਬੀਣ ਕਰਨ ਲਈ ਖੋਜੀ ਕੁੱਤਿਆਂ ਦੀ ਮਦਦ ਲਈ ਜਾਂਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਖੋਜੀ ਕੁੱਤੇ ਅਪਰਾਧੀਆਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇੱਕ ਅਜਿਹਾ ਹੀ ਸੀ ਐੱਚ.ਪੀ. ਦਾ ਕੇ 9 (ਖੋਜੀ ਕੁੱਤਾ) ਦੋ ਹਫਤਿਆਂ ਵਿੱਚ ਲੱਖਾਂ ਡਾਲਰਾਂ ਦੀ ਨਕਦੀ ਅਤੇ 10 ਲੱਖ ਲੋਕਾਂ ਨੂੰ ਮਾਰਨ ਲਈ ਕਾਫੀ ਨਸ਼ੀਲਾ ਪਦਾਰਥ ਫੈਂਟਾਨਾਈਲ ਜ਼ਬਤ ਕਰਨ ਵਿੱਚ ਸਫਲ ਰਿਹਾ ਹੈ।
ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ 'ਚ ਆਖਰੀ ਸੀ.ਆਈ.ਏ. ਚੌਕੀ ਨੂੰ ਕੀਤਾ ਤਬਾਹ
ਇਸ ਖੋਜੀ ਕੁੱਤੇ ਦਾ ਨਾਮ ਬੈਨੀ ਹੈ ਅਤੇ ਅਧਿਕਾਰੀਆਂ ਅਨੁਸਾਰ ਇਸਨੇ 17 ਅਗਸਤ ਨੂੰ ਭੰਗ ਦੀ ਬਦਬੂ ਦਾ ਪਤਾ ਲਗਾਉਣ ਤੋਂ ਬਾਅਦ ਇੱਕ ਜਿਮ ਬੈਗ ਦੇ ਅੰਦਰ ਤਕਰੀਬਨ 300,000 ਡਾਲਰ ਦੀ ਗੈਰ-ਕਾਨੂੰਨੀ ਨਕਦੀ ਦੀ ਖੋਜ ਕੀਤੀ। ਇਸ ਸਫਲਤਾ ਦੇ ਪੰਜ ਦਿਨਾਂ ਬਾਅਦ, ਬੈਨੀ ਨੇ ਨਸ਼ੀਲੇ ਪਦਾਰਥਾਂ ਦੀ ਬਦਬੂ ਆਉਣ 'ਤੇ ਇੱਕ ਵਾਹਨ ਦੀ ਡਰਾਈਵਰ ਸੀਟ ਦੇ ਬਕਸੇ ਵਿੱਚੋਂ ਲਗਭਗ 6.5 ਐੱਲ.ਬੀ.ਐੱਸ. ਫੈਂਟਾਨਾਈਲ ਬਰਾਮਦ ਕਰਨ ਵਿੱਚ ਮਦਦ ਕੀਤੀ, ਜੋ ਕਿ ਇੱਕ ਮਿਲੀਅਨ ਲੋਕਾਂ ਨੂੰ ਮਾਰਨ ਲਈ ਕਾਫੀ ਹੈ।
ਇਹ ਵੀ ਪੜ੍ਹੋ - ਅਫਗਾਨ ਬੀਬੀ ਨੇ ਉਡਾਣ ਦੌਰਾਨ ਜਹਾਜ਼ 'ਚ ਦਿੱਤਾ ਬੱਚੀ ਨੂੰ ਜਨਮ
ਫਰਿਜ਼ਨੋ ਦੇ ਪੁਲਸ ਮੁਖੀ ਅਨੁਸਾਰ ਇਹ ਨਸ਼ੀਲਾ ਪਦਾਰਥ ਹੈਰੋਇਨ ਨਾਲੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਖੋਜੀ ਕੁੱਤੇ ਬੈਨੀ ਦੇ ਕਰੀਅਰ ਦੀ ਸ਼ੁਰੂਆਤ 2018 ਵਿੱਚ ਮਰਸੀਡ ਵਿੱਚ ਸੀ.ਐੱਚ.ਪੀ. ਨਾਲ ਹੋਈ ਸੀ। 100 ਤੋਂ ਵੱਧ ਸਟਾਪਸ ਵਿੱਚ, ਉਸਨੇ 150 ਪੌਂਡ ਕੋਕੀਨ, ਲਗਭਗ 600 ਐਲ ਬੀ ਐਸ ਮੈਥ, 144,000 ਫੈਂਟਾਨਾਈਲ ਗੋਲੀਆਂ ਅਤੇ 9 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਬਰਾਮਦ ਕਰਵਾਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।