ਕੈਲੀਫੋਰਨੀਆ ਦੀ ਜੰਗਲੀ ਅੱਗ 'ਚ ਸੜ ਗਏ 4 ਹਜ਼ਾਰ ਘਰ, ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ

09/14/2020 8:45:30 AM

ਵਾਸ਼ਿੰਗਟਨ- ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਮਰਨ ਵਾਲਿਆਂ ਦਾ ਅੰਕੜਾ 35 ’ਤੇ ਪਹੁੰਚ ਗਿਆ ਹੈ ਅਤੇ ਕਈ ਹੋਰ ਲਾਪਤਾ ਹੋ ਗਏ ਹਨ। ਓਰੇਗਨ ਐਮਰਜੈਂਸੀ ਮੈਨੇਜਮੈਂਟ ਦੇ ਨਿਰਦੇਸ਼ਕ ਐਂਡਰਿਊ ਫੇਲਪਸ ਨੇ ਨੈਸ਼ਨਲ ਬਰਾਡਕਾਸਟਿੰਗ ਕੰਪਨੀ (ਐੱਨ. ਬੀ. ਸੀ.) ਨੂੰ ਦੱਸਿਆ ਕਿ ਉੱਥੇ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਅੱਗ ਕਾਰਨ 4 ਹਜ਼ਾਰ ਤੋਂ ਵੱਧ ਘਰ ਸੜ ਚੁੱਕੇ ਹਨ ਤੇ ਸੰਘਣੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਮੇਂ ’ਤੇ ਚਿਤਾਵਨੀ ਨਹੀਂ ਮਿਲ ਸਕੀ ਅਤੇ ਜਿਨ੍ਹਾਂ ਨੇ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਸਥਾਨਾਂ ’ਤੇ ਸ਼ਰਨ ਨਹੀਂ ਲਈ ਉਨ੍ਹਾਂ ਨੂੰ ਅੱਗ ਨਾਲ ਗੰਭੀਰ ਖ਼ਤਰਾ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। 

ਐੱਨ. ਬੀ. ਸੀ. ਨੇ ਸ਼ਨੀਵਾਰ ਨੂੰ ਦੱਸਿਆ ਕਿ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ’ਚ ਹਜ਼ਾਰਾਂ ਲੋਕਾਂ ਨੂੰ ਅੱਗ ਕਾਰਨ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਕੈਲੀਫੋਰਨੀਆ ਦੇ 28 ਪ੍ਰਮੁੱਖ ਜੰਗਲਾਂ ’ਚ ਅੱਗ ਬੁਝਾਉਣ ਲਈ ਅੱਗ ਬੁਝਾਊ ਅਮਲੇ ਦੇ 16000 ਤੋਂ ਜ਼ਿਆਦਾ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਇਸ ਸਾਲ ਦੀ ਸ਼ੁਰੂਆਤ ਤੋਂ ਲਗਭਗ 32 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ’ਚ ਫੈਲਿਆ ਜੰਗਲ ਸੜ ਚੁੱਕਿਆ ਹੈ ਅਤੇ 4000 ਤੋਂ ਜ਼ਿਆਦਾ ਮਕਾਨ ਤਬਾਹ ਹੋ ਚੁੱਕੇ ਹਨ। ਵ੍ਹਾਈਟ ਹਾਊਸ ਦੇ ਉੱਪ ਪ੍ਰੈਸ ਸਕੱਤਰ ਜੁਡ ਡੀਰੇ ਨੇ ਟਵੀਟ ਕੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਕੈਲੀਫੋਰਨੀਆ ਦਾ ਦੌਰਾ ਕਰਣਗੇ।

ਵੈਸਟ ਕੋਸਟ ਧੂੰਏਂ ਦੀ ਚਾਦਰ ’ਚ ਲਿਪਟਿਆ, ਸਿਹਤ ਨੂੰ ਗੰਭੀਰ ਖ਼ਤਰਾ

ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਲੱਖਾਂ ਲੋਕਾਂ ਦੀ ਸਿਹਤ ’ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਪੂਰਾ ‘ਵੈਸਟ ਕੋਸਟ’ ਸ਼ਨੀਵਾਰ ਨੂੰ ਧੂੰਏਂ ਦੀ ਚਾਦਰ ’ਚ ਲਿਪਟ ਗਿਆ। ਘਰਾਂ ’ਚ ਰਹਿਣ ਵਾਲੇ ਲੋਕ ਵੀ ਸੁਰੱਖਿਅਤ ਨਹੀਂ ਹਨ। ਹਵਾ ਪ੍ਰਦੂਸ਼ਣ ਦਾ ਪੱਧਰ ਇੰਨਾ ਉੱਪਰ ਪਹਿਲਾਂ ਕਦੇ ਨਹੀਂ ਗਿਆ। ਲੋਕਾਂ ਨੇ ਧੂੰਏਂ ਨੂੰ ਰੋਕਣ ਲਈ ਦਰਵਾਜਿਆਂ ਦੇ ਹੇਠਾਂ ਤੌਲੀਏ ਲਗਾਏ ਹਨ। ਕੁੱਝ ਨੇ ਘਰਾਂ ’ਚ ਵੀ ਐੱਨ-95 ਮਾਸਕ ਪਹਿਨਿਆ ਹੋਇਆ ਹੈ। ਰਾਸ਼ਟਰਪਤੀ ਅਹੁਦੇ ਦੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਅਤੇ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਰਾਜ ਦੇ ਗਵਰਨਰਾਂ ਨੇ ਕਿਹਾ ਹੈ ਕਿ ਅੱਗ ਜਲਵਾਯੂ ਤਬਦੀਲੀ ਦਾ ਨਤੀਜਾ ਹੈ।


Lalita Mam

Content Editor

Related News