ਕੈਲੀਫੋਰਨੀਆ ਦੇ ਫਾਰਮਰ ਰਾਜ ਕਾਹਲੋਂ ਨੇ ਮਰਸਿੱਡ ਯੂਨੀਵਰਸਿਟੀ ਲਈ ਦਾਨ ਕੀਤੇ 5 ਮਿਲੀਅਨ ਡਾਲਰ

Friday, Sep 16, 2022 - 10:01 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਦੇ ਲਾਗਲੇ ਸ਼ਹਿਰ ਮਰਸਿੱਡ ਵਸਦੇ ਪੰਜਾਬੀ ਫਾਰਮਰ ਰਾਜ ਕਾਹਲੋਂ ਨੇ ਮਰਸਿੱਡ ਯੂਨੀਵਰਸਿਟੀ ਲਈ 5 ਮਿਲੀਅਨ ਡਾਲਰ ਦਾ ਦਾਨ ਦੇ ਕੇ ਪੂਰੇ ਪੰਜਾਬੀ ਭਾਈਚਾਰੇ ਨੂੰ ਮਾਣ ਵਧਾਇਆ ਹੈ। RHM ਫਾਰਮ ਦੇ ਮਾਲਕ ਨੇ ਪਿਛਲੇ 20 ਸਾਲਾਂ 'ਚ ਆਪਣੇ ਪਰਿਵਾਰਕ ਕਾਰੋਬਾਰ ਅਤੇ ਸਾਖ ਨੂੰ ਲਗਾਤਾਰ ਵਧਾਇਆ ਹੈ। ਉਨ੍ਹਾਂ ਨੇ ਇਹ ਦਾਨ ਦੇਣ ਦਾ ਐਲਾਨ 2019 ਵਿੱਚ ਕੀਤਾ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਪਿਸਤਾ ਅਤੇ ਬਦਾਮ ਦੀ ਖੇਤੀ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ : ਜਬਰੀ ਝੋਨੇ ਦੀ ਫਸਲ ਵਾਹੁਣ ਦਾ ਵਿਰੋਧ ਕਰਨ 'ਤੇ ਪੁਲਸ ਨੇ ਕਿਸਾਨਾਂ ਨੂੰ ਭਜਾ-ਭਜਾ ਕੁੱਟਿਆ

ਉਨ੍ਹਾਂ ਕਿਹਾ ਕਿ ਮੇਰੇ ਮਨ ਵਿੱਚ ਹਮੇਸ਼ਾ ਇਹ ਖਿਆਲ ਰਿਹਾ ਹੈ ਕਿ ਜਿਸ ਕਮਿਊਨਿਟੀ ਵਿੱਚ ਰਹਿ ਕੇ ਮੈਂ ਤਰੱਕੀ ਕੀਤੀ, ਉਸ ਕਮਿਊਨਿਟੀ ਨੂੰ ਕੁਝ ਵਾਪਸ ਦੇਣ ਦਾ ਟਾਈਮ ਆ ਗਿਆ ਹੈ। ਕਾਹਲੋਂ ਨੇ ਜੋ ਵਾਅਦਾ ਕੀਤਾ ਸੀ, ਉਸ ਮੁਤਾਬਕ ਯੂਨੀਵਰਸਿਟੀ ਦੇ ਮਰਸਿੱਡ ਕਾਲਜ ਆਫ਼ ਐਗਰੀਕਲਚਰ ਲਈ 20,000 ਵਰਗ ਫੁੱਟ ਦੇ ਖੇਤੀਬਾੜੀ ਅਤੇ ਉਦਯੋਗਿਕ ਟੈਕਨਾਲੋਜੀ ਕੰਪਲੈਕਸ ਬਣ ਕੇ ਤਿਆਰ ਹੋ ਚੁੱਕਾ ਹੈ, ਜਿਹੜਾ ਕਿ ਪੰਜਾਬੀਆਂ ਦੀ ਭਰਵੀਂ ਹਾਜ਼ਰੀ ਦੌਰਾਨ ਯੂਨੀਵਰਸਿਟੀ ਦੇ ਪ੍ਰਬੰਧਕਾਂ ਹਵਾਲੇ ਕੀਤਾ ਗਿਆ।

ਇਹ ਵੀ ਪੜ੍ਹੋ : ਪਨਗ੍ਰੇਨ ’ਚ ਕਰੋੜਾਂ ਦੇ ਘਪਲੇ ਦਾ ਮਾਮਲਾ; 13 ਇੰਸਪੈਕਟਰਾਂ ਵਿਰੁੱਧ ਕੇਸ ਦਰਜ

ਇਸ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਨੇ ਕਿਹਾ ਕਿ ਇਹ ਮਰਸਿੱਡ ਕਾਲਜ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਤੋਹਫ਼ਾ ਹੈ ਤੇ ਆਉਣ ਵਾਲੀਆਂ ਵੱਡੀਆਂ ਚੀਜ਼ਾਂ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਰਾਜ ਕਾਹਲੋਂ ਵੱਲੋਂ ਕੀਤੇ ਗਏ ਇਸ ਵੱਡੇ ਕਾਰਜ ਲਈ ਸਾਨੂੰ ਹਮੇਸ਼ਾ ਉਨ੍ਹਾਂ 'ਤੇ ਮਾਣ ਰਹੇਗਾ। ਅਸੀਂ, ਸਾਡੇ ਵਿਦਿਆਰਥੀਆਂ ਤੇ ਖੇਤੀਬਾੜੀ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰਨ ਲਈ ਰਾਜ ਕਾਹਲੋਂ ਦਾ ਧੰਨਵਾਦ ਕਰਦੇ ਹਾਂ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News