ਕੈਲੀਫੋਰਨੀਆ ''ਚ ਪ੍ਰਸ਼ਾਸਨ ਦੀ ਕੁਤਾਹੀ, 20 ਹਜ਼ਾਰ ਕੈਦੀਆਂ ਨੂੰ ਦਿੱਤਾ ਬੇਰੁਜ਼ਗਾਰੀ ਭੱਤਾ
Thursday, Nov 26, 2020 - 11:46 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ 'ਚ ਬੇਰੁਜ਼ਗਾਰੀ ਭੱਤੇ ਦੇ ਭੁਗਤਾਨ ਕਰਨ ਵਿਚ ਪ੍ਰਸ਼ਾਸਨ ਦੀ ਨਿਰਾਸ਼ਾਜਨਕ ਅਤੇ ਕੁਤਾਹੀ ਭਰੀ ਕਾਰਗੁਜ਼ਾਰੀ ਸਾਹਮਣੇ ਆਈ ਹੈ ,ਜਿਸ ਵਿਚ ਸੂਬੇ ਨੇ ਘੱਟੋ-ਘੱਟ 20,000 ਕੈਦੀਆਂ ਲਈ 140 ਮਿਲੀਅਨ ਡਾਲਰ ਤੋਂ ਵੱਧ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਸਥਾਨਕ ਅਤੇ ਫੈਡਰਲ ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ ਇਕ ਅਜਿਹੀ ਯੋਜਨਾ ਦਾ ਵੇਰਵਾ ਦਿੱਤਾ ਜਿਸ ਦੇ ਸਿੱਟੇ ਵਜੋਂ ਸਕਾਟ ਪੀਟਰਸਨ ਅਤੇ ਹੋਰ ਦੋਸ਼ੀ ਕਾਤਲਾਂ ਦੇ ਨਾਮ ਵੀ ਭੱਤੇ ਵਿਚ ਸ਼ਾਮਲ ਕੀਤੇ ਗਏ ਹਨ।
ਸੈਕਰਾਮੈਂਟੋ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਐਨ ਮੈਰੀ ਸ਼ੂਬਰਟ ਦੇ ਅਨੁਸਾਰ ਮਾਰਚ ਤੋਂ ਅਗਸਤ ਤੱਕ ਕੈਲੀਫੋਰਨੀਆ ਦੇ ਰੁਜ਼ਗਾਰ ਵਿਕਾਸ ਵਿਭਾਗ ਵਿੱਚ ਦਾਇਰ ਕੀਤੇ ਦਾਅਵਿਆਂ ਵਿਚ 35,000 ਤੋਂ ਵੱਧ ਕੈਦੀਆਂ ਦੇ ਨਾਮ ਸਨ, ਜਿਨ੍ਹਾਂ ਵਿਚੋਂ 20,000 ਤੋਂ ਵੱਧ ਭੁਗਤਾਨ ਕੀਤੇ ਜਾ ਰਹੇ ਹਨ। ਮੌਤ ਦੀ ਸਜ਼ਾ ਪਾਉਣ ਵਾਲੇ 133 ਕੈਦੀਆਂ ਲਈ ਘੱਟੋ-ਘੱਟ 158 ਦਾਅਵੇ ਦਾਇਰ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ 420,000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ।
ਇਨ੍ਹਾਂ ਕੈਦੀਆਂ ਵਿਚ ਬਲਾਤਕਾਰ ,ਬੱਚਿਆਂ ਨਾਲ ਛੇੜਛਾੜ, ਮਨੁੱਖੀ ਤਸਕਰੀ ਅਤੇ ਰਾਜ ਦੀਆਂ ਜੇਲ੍ਹਾਂ ਵਿਚ ਹੋਰ ਹਿੰਸਕ ਅਪਰਾਧੀ ਸ਼ਾਮਲ ਹਨ। ਇਸ ਸੂਚੀ ਵਿਚ ਪੀਟਰਸਨ ਵੀ ਸ਼ਾਮਲ ਹੈ, ਜਿਸ ਨੂੰ ਆਪਣੀ ਗਰਭਵਤੀ ਪਤਨੀ ਦੀ ਹੱਤਿਆ ਦੇ ਦੋਸ਼ੀ ਹੋਣ ਦੇ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਪੀਟਰਸਨ ਦੀ ਮੌਤ ਦੀ ਸਜ਼ਾ ਨੂੰ ਪਲਟਾ ਕੇ ਹੇਠਲੀ ਅਦਾਲਤ ਨੂੰ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ।ਇਸ ਮਾਮਲੇ ਵਿਚ ਪੀਟਰਸਨ ਦੇ ਵਕੀਲ, ਪੈਟ ਹੈਰਿਸ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੀਟਰਸਨ ਨੂੰ ਰਾਜ ਤੋਂ ਬੇਰੁਜ਼ਗਾਰੀ ਸਹਾਇਤਾ ਮਿਲੀ ਹੈ। ਇਸ ਭੱਤੇ ਨੂੰ ਪ੍ਰਾਪਤ ਕਰਨ ਲਈ ਕੁਝ ਮਾਮਲਿਆਂ ਵਿਚ ਕੈਦੀਆਂ ਨੇ ਆਪਣੇ ਅਸਲ ਨਾਮ ਦੀ ਵਰਤੋਂ ਕੀਤੀ ਜਦਕਿ ਕਈ ਹੋਰਾਂ ਨੇ ਜਾਅਲੀ ਨਾਮ ਅਤੇ ਇੱਥੋਂ ਤੱਕ ਕਿ ਜਾਅਲੀ ਸੋਸ਼ਲ ਸਕਿਓਰਿਟੀ ਨੰਬਰ ਵੀ ਵਰਤੇ ਸਨ।
ਇਹ ਵੀ ਪੜ੍ਹੋ- ਕੋਰੋਨਾ ਵੈਕਸੀਨ ਨੂੰ ਲੈ ਕੇ ਵਿਰੋਧੀ ਧਿਰ ਦੇ ਸਵਾਲਾਂ 'ਚ ਘਿਰੀ ਕੈਨੇਡਾ ਸਰਕਾਰ
ਸਰਕਾਰੀ ਵਕੀਲਾਂ ਨੇ ਇਸ ਮਾਮਲੇ 'ਚ ਰੁਜ਼ਗਾਰ ਵਿਕਾਸ ਵਿਭਾਗ ਨੂੰ ਦੋਸ਼ੀ ਠਹਿਰਾਇਆ, ਜੋ ਕਿ ਮਾਰਚ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 16.4 ਮਿਲੀਅਨ ਤੋਂ ਵੱਧ ਲਾਭ ਦੇ ਦਾਅਵਿਆਂ ਨਾਲ ਨਾਲ ਨਜਿੱਠ ਰਹੇ ਹਨ। ਸੂਬੇ ਦੇ ਗਵਰਨਰ ਨਿਊਸਮ ਨੇ ਐਮਰਜੈਂਸੀ ਸੇਵਾਵਾਂ ਦੇ ਦਫਤਰ ਨੂੰ ਇਸ ਕੇਸ ਵਿਚ ਵਕੀਲਾਂ ਨੂੰ ਜਾਂਚ ਵਿਚ ਸਹਾਇਤਾ ਲਈ ਇਕ ਟਾਸਕ ਫੋਰਸ ਸਥਾਪਤ ਕਰਨ ਹੁਕਮ ਦਿੱਤਾ ਹੈ ।