ਕੈਲੀਫੋਰਨੀਆ : ਕੋਰੋਨਾ ਮੌਤਾਂ ਕਾਰਨ ਹਵਾ ਪ੍ਰ੍ਦੂਸ਼ਣ ਏਜੰਸੀ ਨੇ ਹਟਾਈਆਂ ਸਸਕਾਰ ਸੰਬੰਧੀ ਪਾਬੰਦੀਆਂ
Wednesday, Jan 20, 2021 - 10:48 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਵੱਡੇ ਪੱਧਰ 'ਤੇ ਵਾਧਾ ਹੋਇਆ ਹੈ, ਜਿਸ ਨਾਲ ਹਸਪਤਾਲਾਂ, ਮੁਰਦਾ ਘਰਾਂ ਆਦਿ ਵਿਚ ਲਾਸ਼ਾਂ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਸਾਊਥਲੈਂਡ ਵਿਚ ਹਵਾ ਦੀ ਗੁਣਵੱਤਾ ਨੂੰ ਨਿਰਧਾਰਤ ਕਰਨ ਵਾਲੀ ਏਜੰਸੀ ਨੇ ਐਤਵਾਰ ਰਾਤ ਨੂੰ ਇਕ ਐਮਰਜੈਂਸੀ ਹੁਕਮ ਜਾਰੀ ਕਰਦਿਆਂ ਸੂਬੇ ਵਿਚ ਸਸਕਾਰ ਸੰਬੰਧੀ ਸੀਮਾ ਨੂੰ ਹਟਾ ਦਿੱਤਾ ਹੈ। ਇਸ ਸੰਬੰਧੀ ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਇਕ ਐਮਰਜੈਂਸੀ ਆਰਡਰ ਨਾਲ ਸ਼ਮਸ਼ਾਨਘਾਟ ਲਈ ਪਰਮਿਟ ਜ਼ਰੂਰਤਾਂ ਨੂੰ ਅਸਥਾਈ ਰੂਪ ਵਿਚ ਮੁਅੱਤਲ ਕਰ ਦਿੱਤਾ ਹੈ।
ਏਜੰਸੀ ਵੱਲੋਂ ਇਹ ਹੁਕਮ ਲਾਸ ਏਂਜਲਸ ਕਾਉਂਟੀ ਦੇ ਦਫ਼ਤਰ ਅਤੇ ਐੱਲ. ਏ. ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੀ ਬੇਨਤੀ 'ਤੇ ਜਾਰੀ ਕੀਤੇ ਗਏ ਹਨ। ਹਵਾ ਦੀ ਕੁਆਲਟੀ ਦਾ ਪ੍ਰਬੰਧਨ ਕਰਨ ਵਾਲੀ ਇਹ ਏਜੰਸੀ ਹਵਾ ਦੀ ਗੁਣਵੱਤਾ ਦੇ ਨਿਯਮਾਂ ਕਾਰਨ ਹਰ ਮਹੀਨੇ ਸਸਕਾਰਾਂ ਦੀ ਗਿਣਤੀ ਨੂੰ ਨਿਯਮਿਤ ਕਰਦੀ ਹੈ। ਜਦਕਿ ਇਸ ਸਮੇਂ ਮਹਾਮਾਰੀ ਨਾਲ ਸਾਰੇ ਖੇਤਰ ਵਿਚ ਮੌਤ ਦਰ ਦੁੱਗਣੀ ਹੋ ਗਈ ਹੈ, ਜਿਸ ਕਾਰਨ ਹਸਪਤਾਲਾਂ, ਅੰਤਮ ਸੰਸਕਾਰ ਘਰਾਂ ਉੱਤੇ ਲਾਸ਼ਾਂ ਨੂੰ ਸੰਭਾਲਣ ਲਈ ਦਬਾਅ ਪੈ ਰਿਹਾ ਹੈ।
ਅੰਕੜਿਆਂ ਅਨੁਸਾਰ 15 ਜਨਵਰੀ ਤੱਕ, ਹਸਪਤਾਲਾਂ ਅਤੇ ਹੋਰ ਸਹੂਲਤਾਂ ਵਿਚ 2,700 ਤੋਂ ਵੱਧ ਲਾਸ਼ਾਂ ਸਟੋਰ ਕੀਤੀਆਂ ਗਈਆਂ ਹਨ ਅਤੇ ਲਾਸ ਏਂਜਲਸ ਕਾਉਂਟੀ ਦੇ ਹਸਪਤਾਲਾਂ ਦੇ ਬਾਹਰ ਪਹਿਲਾਂ ਹੀ ਅਸਥਾਈ ਮੁਰਦਾ ਘਰ ਸਥਾਪਤ ਕੀਤੇ ਗਏ ਹਨ। ਇਸ ਲਈ ਇਕੱਠੀਆਂ ਹੋ ਰਹੀਆਂ ਲਾਸ਼ਾਂ ਦੇ ਨਿਪਟਾਰੇ ਅਤੇ ਜਨਤਕ ਸਿਹਤ ਦੀ ਰੱਖਿਆ ਦੇ ਮੰਤਵ ਨਾਲ ਏ. ਕਿਯੂ. ਐੱਮ. ਡੀ. ਨੇ ਸਸਕਾਰ ਕਰਨ ਦੀ ਸੀਮਾ ਸੰਬੰਧੀ ਪਾਬੰਦੀ ਨੂੰ ਖ਼ਤਮ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਹੁਣ ਜ਼ਿਆਦਾ ਲਾਸ਼ਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ। ਏਜੰਸੀ ਵੱਲੋਂ ਜਾਰੀ ਕੀਤੇ ਗਏ ਇਹ ਆਰਡਰ ਘੱਟੋ-ਘੱਟ 10 ਦਿਨਾਂ ਲਈ ਲਾਗੂ ਰਹਿਣਗੇ।