ਕੈਲੀਫੋਰਨੀਆ: ਜੰਗਲੀ ਅੱਗਾਂ ਦਾ ਧੂੰਆਂ ਸੈਂਟਰਲ ਵੈਲੀ ਦੇ ਵਸਨੀਕਾਂ ਨੂੰ ਕਰ ਰਿਹਾ ਹੈ ਪ੍ਰਭਾਵਿਤ

Tuesday, Oct 05, 2021 - 01:20 AM (IST)

ਕੈਲੀਫੋਰਨੀਆ: ਜੰਗਲੀ ਅੱਗਾਂ ਦਾ ਧੂੰਆਂ ਸੈਂਟਰਲ ਵੈਲੀ ਦੇ ਵਸਨੀਕਾਂ ਨੂੰ ਕਰ ਰਿਹਾ ਹੈ ਪ੍ਰਭਾਵਿਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਵਿੱਚ ਇਸ ਸਾਲ ਲੱਗੀਆਂ ਜੰਗਲੀ ਅੱਗਾਂ ਨੇ ਜਿੱਥੇ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਅੱਗਾਂ ਕਾਰਨ ਪੈਦਾ ਹੋਏ ਧੂੰਏ ਨੇ ਵਾਤਾਵਰਨ ਦੀ ਗੁਣਵੱਤਾ ਨੂੰ ਵੀ ਵਿਗਾੜਿਆ ਹੈ। ਕੈਲੀਫੋਰਨੀਆ ਵਿੱਚ ਸਾਨ ਜੋਆਕਿਨ ਵੈਲੀ ਏਅਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇ.ਐੱਨ.ਪੀ. ਕੰਪਲੈਕਸ ਅਤੇ ਹੋਰ ਅੱਗਾਂ ਨਾਲ ਪੈਦਾ ਹੋਏ ਧੂੰਏ ਕਾਰਨ ਸੈਂਟਰਲ ਵੈਲੀ ਦੇ ਵਸਨੀਕ ਪੂਰੇ ਹਫਤੇ ਦੌਰਾਨ ਪ੍ਰਭਾਵਿਤ ਰਹੇ ਹਨ। ਧੂੰਏ ਦੇ ਸਬੰਧ ਵਿੱਚ ਸਾਨ ਜੋਆਕਿਨ ਵੈਲੀ ਏਅਰ ਪ੍ਰਦੂਸ਼ਣ ਡਿਸਟ੍ਰਿਕਟ ਤੋਂ ਇੱਕ ਸਲਾਹਕਾਰੀ ਚੇਤਾਵਨੀ ਵੀ ਵੀਰਵਾਰ, 30 ਸਤੰਬਰ ਨੂੰ ਜਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ - ਕੈਲੀਫੋਰਨੀਆ ਦਾ ਇਹ ਬੀਚ ਤੇਲ ਰਿਸਣ ਕਾਰਨ ਹੋਇਆ ਬੰਦ

ਵਾਤਾਵਰਣ ਮਾਹਿਰਾਂ ਅਨੁਸਾਰ ਜੰਗਲੀ ਅੱਗਾਂ ਕਾਰਨ ਪੈਦਾ ਹੋਏ ਧੂੰਏ ਦੇ ਜਹਿਰੀਲੇ ਕਣ ਗੰਭੀਰ ਬਿਮਾਰੀਆਂ ਜਿਵੇਂ ਕਿ ਦਮਾ, ਐਲਰਜੀ, ਦਿਲ ਦੇ ਦੌਰੇ ਆਦਿ ਦੇ ਖਤਰੇ ਨੂੰ ਵਧਾ ਸਕਦੇ ਹਨ। ਏਅਰ ਡਿਸਟ੍ਰਿਕਟ ਅਥਾਰਟੀ ਦੁਆਰਾ ਦਿਲ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਵਿਅਕਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਖਾਸ ਸਮੱਸਿਆ ਦੇ ਸੰਪਰਕ ਵਿੱਚ ਆਉਣ ਵੇਲੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਨ। ਇਸਦੇ ਇਲਾਵਾ ਅਧਿਕਾਰੀਆਂ ਅਨੁਸਾਰ ਸੈਂਟਰਲ ਵੈਲੀ  ਨੂੰ ਪ੍ਰਭਾਵਿਤ ਕਰਨ ਵਾਲੀ ਜੰਗਲ ਦੀ ਅੱਗ ਦੇ ਧੂੰਏਂ ਦੇ ਸੰਪਰਕ, ਅਸਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਸਾਧਨਾਂ ਬਾਰੇ ਵਧੇਰੇ ਜਾਣਕਾਰੀ ਸਾਨ ਜੋਆਕਿਨ ਵੈਲੀ ਏਅਰ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News