ਕੈਲਗਰੀ ਦੇ ਮੇਅਰ ਨੈਨਸ਼ੀ ਨੇ ਤੀਜੀ ਵਾਰ ਦਰਜ ਕੀਤੀ ਜਿੱਤ, ਦਿੱਤਾ ਦਿਲ ਨੂੰ ਛੂਹ ਲੈਣ ਵਾਲਾ ਭਾਸ਼ਣ

10/18/2017 9:41:53 AM

ਕੈਲਗਰੀ,(ਬਿਊਰੋ)— ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਮੇਅਰ ਨਾਹੀਦ ਨੈਨਸ਼ੀ ਨੇ ਤੀਜੀ ਵਾਰੀ ਫਿਰ ਮਿਉਂਸਪਲ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਉਹ ਫਿਰ ਕੈਲਗਰੀ ਦੇ ਮੇਅਰ ਬਣ ਗਏ ਹਨ। ਇਸ ਵਾਰ 4 ਨਵੇਂ ਚਿਹਰੇ ਵੀ ਚੋਣ ਮੈਦਾਨ 'ਚ ਉੱਭਰੇ ਸਨ ਪਰ ਲੋਕਾਂ ਨੇ ਨੈਨਸ਼ੀ ਨੂੰ ਹੀ ਚੁਣਿਆ। ਸੂਤਰਾਂ ਅਨੁਸਾਰ ਉਨ੍ਹਾਂ ਦੇ ਮੁੱਖ ਵਿਰੋਧੀ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਪ੍ਰੈਜ਼ੀਡੈਂਟ ਬਿੱਲ ਸਮਿੱਥ ਨੂੰ 44 ਫੀਸਦੀ ਵੋਟਾਂ ਹਾਸਲ ਹੋਈਆਂ ਜਦਕਿ ਨੈਨਸ਼ੀ ਨੂੰ 51 ਫੀਸਦੀ ਵੋਟਾਂ ਮਿਲੀਆਂ ਹਨ। 
ਜਿੱਤ ਮਗਰੋਂ ਉਨ੍ਹਾਂ ਨੇ ਦਿਲ ਨੂੰ ਮੋਹ ਲੈਣ ਵਾਲਾ ਭਾਸ਼ਣ ਦਿੱਤਾ। ਉਨ੍ਹਾਂ ਕਿਹਾ,''ਮੈਂ ਇਹ ਵਾਅਦਾ ਨਹੀਂ ਕਰਦਾ ਕਿ ਮੈਂ ਇਕ ਵੱਖਰਾ ਇਨਸਾਨ ਬਣ ਕੇ ਦਿਖਾਵਾਂਗਾ ਅਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਤੁਹਾਨੂੰ ਮੇਰਾ ਉਹ ਰੂਪ ਵਧੇਰੇ ਚੰਗਾ ਲੱਗੇਗਾ ਪਰ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਆਪਣੇ ਵਲੋਂ ਪੂਰਾ-ਪੂਰਾ ਵਧੀਆ ਕੰਮ ਹੀ ਕਰਾਂਗਾ। ਹਰ ਦਿਨ ਹਰ ਇਕ ਵਿਅਕਤੀ ਦੀ ਭਲਾਈ ਲਈ ਮੈਂ ਕਦਮ ਚੁੱਕਾਂਗਾ। ਤੁਹਾਡਾ ਮੇਅਰ ਬਣਨ ਦੀ ਨੌਕਰੀ ਕਰਨਾ ਮੇਰੇ ਲਈ ਬਹੁਤ ਚੰਗਾ ਕੰਮ ਹੈ। ਇਹ ਸ਼ਹਿਰ ਸਾਰੀ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਹੈ।'' 
ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਮਿੱਥ ਨੇ ਉਨ੍ਹਾਂ ਨੂੰ ਜਿੱਤ 'ਤੇ ਵਧਾਈਆਂ ਦਿੱਤੀਆਂ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦਾ ਨਤੀਜਾ 2013 ਦੀਆਂ ਵੋਟਾਂ ਦੇ ਅੰਕੜੇ ਤੋਂ ਬਹੁਤ ਘੱਟ ਹੈ। 2013 ਦੀਆਂ ਚੋਣਾਂ 'ਚ ਉਨ੍ਹਾਂ ਨੂੰ 73 ਫੀਸਦੀ ਵੋਟਾਂ ਹਾਸਲ ਕਰਕੇ ਇਹ ਅਹੁਦਾ ਮਿਲਿਆ ਸੀ। ਰਿਪੋਰਟ ਮੁਤਾਬਕ ਨੈਨਸ਼ੀ ਨੇ 112,503 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਸਮਿੱਥ ਨੇ 97,756 ਵੋਟਾਂ ਪ੍ਰਾਪਤ ਕੀਤੀਆਂ। ਸਾਲ 2013 ਦੌਰਾਨ ਆਏ ਹੜ੍ਹਾਂ ਵਿਚ ਉਨ੍ਹਾਂ ਲੀਡਰਸ਼ਿਪ ਦੀ ਕਮਾਲ ਦੀ ਮਿਸਾਲ ਪੇਸ਼ ਕੀਤੀ ਸੀ ਤੇ ਇਸੇ ਲਈ ਉਹ ਲੋਕਾਂ ਦੀ ਖਾਸ ਪਸੰਦ ਬਣੇ।


Related News