ਵਿਸ਼ਵ ਦੀਆਂ 325 ਕੰਪਨੀਆਂ ਨੂੰ ਪਛਾੜਦਿਆਂ ਇਸ ਹਵਾਈ ਕੰਪਨੀ ਨੂੰ ਮਿਲਿਆ ਸਰਵਸ੍ਰੇਸ਼ਟ ਏਅਰਲਾਈਨਜ਼ ਦਾ ਦਰਜਾ

Saturday, Jun 29, 2024 - 05:50 PM (IST)

ਵਿਸ਼ਵ ਦੀਆਂ 325 ਕੰਪਨੀਆਂ ਨੂੰ ਪਛਾੜਦਿਆਂ ਇਸ ਹਵਾਈ ਕੰਪਨੀ ਨੂੰ ਮਿਲਿਆ ਸਰਵਸ੍ਰੇਸ਼ਟ ਏਅਰਲਾਈਨਜ਼ ਦਾ ਦਰਜਾ

ਮੈਲਬੋਰਨ (ਮਨਦੀਪ ਸਿੰਘ ਸੈਣੀ) - ਪਿਛਲੇ ਦਿਨੀਂ ਲੰਦਨ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਤਰ ਏਅਰਵੇਜ਼ ਨੇ ਪਿਛਲੇ ਸਾਲ ਦੀ ਜੇਤੂ  ਹਵਾਈ ਕੰਪਨੀ ਸਿੰਗਾਪੁਰ ਏਅਰਲਾਈਨਜ਼ ਨੂੰ ਪਛਾੜਦਿਆਂ ਸਾਲ 2024 ਲਈ ਦੁਨੀਆ ਦੀ ਸਰਵੋਤਮ ਏਅਰਲਾਈਨ ਦਾ ਖਿਤਾਬ ਹਾਸਿਲ ਕੀਤਾ ਹੈ। ਹਵਾਬਾਜ਼ੀ ਖੇਤਰ ਵਿੱਚ ਆਸਕਰ ਐਵਾਰਡ ਵਾਂਗ ਜਾਣੇ ਜਾਂਦੇ ਇਸ ਵੱਕਾਰੀ ਸਨਮਾਨ ਨੂੰ ਹਾਸਲ ਕਰਨ ਲਈ ਇੰਗਲੈਂਡ ਦੀ ਸੰਸਥਾ 'ਸਕਾਈਟਰੈਕ' ਵੱਲੋਂ  ਕਰਵਾਏ ਗਏ  ਸਰਵੇਖਣ ਵਿੱਚ ਪੂਰੇ ਵਿਸ਼ਵ ਦੀਆਂ 325 ਹਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਜਿਸ ਦੌਰਾਨ ਖਾੜੀ ਮੁਲਕ ਕਤਰ ਨਾਲ ਸੰਬੰਧਿਤ  ਇਸ ਹਵਾਈ ਕੰਪਨੀ ਨੂੰ ਵਡਮੁੱਲਾ ਮਾਣ ਹਾਸਲ ਹੋਇਆ ਹੈ। ਸਰਵੇਖਣ ਵਿੱਚ ਸਿੰਘਾਪੁਰ ਏਅਰਲਾਈਨਜ਼ ਨੂੰ ਦੂਜਾ,ਪ੍ਰਸਿੱਧ ਏਅਰਲਾਈਨਜ਼ ਐਮੀਰੇਟਸ ਨੂੰ ਤੀਜਾ, ਦੇਸ਼ ਜਪਾਨ ਦੀ ਐਨਾ  ਏਅਰਵੇਜ਼ ਨੂੰ ਚੌਥਾ ਅਤੇ ਕੈਥੇ ਪੈਸਿਫਿਕ  ਨੂੰ ਪੰਜਵਾਂ ਦਰਜਾ ਹਾਸਿਲ ਹੋਇਆ ਹੈ।

ਸਤੰਬਰ 2023  ਤੋਂ ਮਈ 2024  ਦਰਮਿਆਨ ਕਰਵਾਏ ਗਏ ਇਸ ਆਨ ਲਾਈਨ ਸਰਵੇਖਣ ਵਿੱਚ ਤਕਰੀਬਨ 100 ਤੋਂ ਜਿਆਦਾ ਦੇਸ਼ਾਂ ਦੇ ਲੋਕਾਂ ਨੇ ਆਪਣੀ ਰਾਏ ਸ਼ੁਮਾਰ ਕੀਤੀ ਸੀ। ਇਹ ਸਰਵੇ ਯਾਤਰੀਆਂ ਦੀ ਸਫ਼ਰ ਦੌਰਾਨ ਸੰਤੁਸ਼ਟੀ, ਬਿਹਤਰੀਨ ਸੇਵਾਵਾਂ, ਹਵਾਈ ਕੰਪਨੀਆਂ ਦੀ ਪਾਰਦਰਸ਼ਤਾ ਅਤੇ ਸੁਤੰਤਰ ਤੌਰ ਤੇ ਕੰਮ-ਕਾਜ ਦੇ ਤਰੀਕੇ 'ਤੇ ਆਧਾਰਿਤ ਸੀ।

ਆਸਟ੍ਰੇਲੀਆ ਦੀ ਪ੍ਰਸਿੱਧ ਹਵਾਈ ਕੰਪਨੀ 'ਕੁਆਂਟਸ' ਪਿਛਲੇ ਸਾਲ ਦੀ ਦਰਜਾਬੰਦੀ ਤੋਂ ਖਿਸਕ ਕੇ 24 ਵੇਂ ਦਰਜੇ ਤੇ ਪਹੁੰਚ ਗਈ ਜਦਕਿ ਵਰਜਿਨ ਆਸਟ੍ਰੇਲੀਆ ਨੂੰ 54 ਵਾਂ ਅਤੇ ਜੈੱਟ ਸਟਾਰ ਨੂੰ 74 ਵਾਂ ਸਥਾਨ ਮਿਲਿਆ ਹੈ। ਭਾਰਤੀ ਹਵਾਈ ਕੰਪਨੀ 'ਇੰਡੀਗੋ' ਨੂੰ ਇਸ ਸ਼੍ਰੇਣੀ ਵਿੱਚ 52ਵਾਂ ਅਤੇ ਏਅਰ ਇੰਡੀਆ ਨੂੰ 90 ਵਾਂ ਸਥਾਨ ਹਾਸਲ ਹੋਇਆ ਹੈ।


author

Harinder Kaur

Content Editor

Related News