19 ਹਜ਼ਾਰ ਯੂਕਰੇਨੀ ਬੱਚਿਆਂ ਨੂੰ ਕਬਜ਼ੇ ''ਚ ਲੈ ਕੇ ਰੂਸ ਉਨ੍ਹਾਂ ਦਾ ਮਾਈਂਡਵਾਸ਼ ਕਰਕੇ ਰੂਸੀ ਸੱਭਿਆਚਾਰ ''ਚ ਢਾਲ ਰਿਹੈ
Thursday, Dec 28, 2023 - 07:26 PM (IST)
ਇੰਟਰਨੈਸ਼ਨਲ ਡੈਸਕ- ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੂੰ ਦੋ ਮਹੀਨਿਆਂ ਵਿੱਚ ਦੋ ਸਾਲ ਪੂਰੇ ਹੋ ਜਾਣਗੇ। ਇਸ ਜੰਗ ਵਿੱਚ ਹੁਣ ਤੱਕ 10 ਹਜ਼ਾਰ ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 560 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਜੰਗ ਦੀ ਇੱਕ ਹੋਰ ਕਾਲੀ ਤਸਵੀਰ ਸਾਹਮਣੇ ਆਈ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਸੈਨਿਕਾਂ ਨੇ 19 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤਾ ਹੈ ਅਤੇ ਜਾਂ ਤਾਂ ਉਨ੍ਹਾਂ ਨੂੰ ਰੂਸ ਲੈ ਗਏ ਹਨ ਜਾਂ ਉਨ੍ਹਾਂ ਨੂੰ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਰੱਖਿਆ ਹੈ।
ਉਨ੍ਹਾਂ ਬੱਚਿਆਂ 'ਚੋਂ 387 ਯੂਕਰੇਨ ਪਰਤਣ 'ਚ ਸਫਲ ਰਹੇ। ਖਬਰਾਂ ਮੁਤਾਬਕ ਇਨ੍ਹਾਂ ਬੱਚਿਆਂ 'ਚੋਂ ਕੁਝ ਬੱਚਿਆਂ ਨੇ ਆਪਣੀ ਆਪ ਬੀਤੀ ਦੱਸੀ। ਇਨ੍ਹਾਂ 'ਚੋਂ ਇਕ ਹੈ ਮਾਰਿਯੁਪੋਲ ਸ਼ਹਿਰ ਦਾ 11 ਸਾਲਾ ਅਲੈਕਜ਼ੈਂਡਰ ਰੈਡਚੁਕ। ਉਸ ਨੇ ਦੱਸਿਆ ਕਿ 2022 'ਚ ਰੂਸੀ ਫੌਜੀਆਂ ਨੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਬੰਦੀ ਬਣਾ ਲਿਆ ਸੀ। ਬਾਅਦ 'ਚ ਉਹ ਉਸ ਨੂੰ ਆਪਣੇ ਨਾਲ ਲੈ ਗਏ। ਦਾਦੀ ਲਿਊਡਮਿਡਾ ਸਿਰਿਕ ਦੇ ਨਾਲ ਬੈਠੇ 13 ਸਾਲਾ ਮੁੰਡੇ ਸਾਸ਼ਾ ਨੇ ਦੱਸਿਆ ਕਿ ਮਾਂ ਨੂੰ 2022 'ਚ ਹਿਰਾਸਤ 'ਚ ਲਿਆ ਗਿਆ ਸੀ।
ਯੂਕਰੇਨ ਤੇ ਆਜ਼ਾਦ ਖੋਜ ਸੰਗਠਨਾਂ ਦੇ ਮੁਤਾਬਕ, ਬੱਚਿਆਂ ਨੇ ਦੱਸਿਆ ਕਿ ਕ੍ਰੀਮੀਆ 'ਤੇ ਕਬਜ਼ੇ ਦੀ ਸ਼ੁਰੂਆਤ ਤੋਂ ਰੂਸ ਨੇ ਕਬਜ਼ੇ ਵਾਲੇ ਖੇਤਰਾਂ 'ਚ ਰੂਸੀਕਰਨ ਤੇ ਯੂਕਰੇਨੀ ਬੱਚਿਆਂ ਦਾ ਮਾਈਂਡਵਾਸ਼ ਕਰਨ ਦੀ ਮੁਹਿੰਮ ਚਲਾਈ। ਬੱਚਿਆਂ ਨੂੰ ਰੂਸੀ ਭਾਸ਼ਾ ਪੜ੍ਹਾਉਣੀ ਸ਼ੁਰੂ ਕੀਤੀ। ਰੂਸੀ ਰਾਸ਼ਟਰਗਾਨ ਸਿੱਖਣਤੇ ਉਸ ਨੂੰ ਦੋਹਰਾਉਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੂੰ ਰੂਸੀ ਫਿਲਮਾਂ ਦਿਖਾਈਆਂ ਗਈਆਂ, ਰੂਸੀ ਇਤਿਹਾਸ ਪੜ੍ਹਾਇਆ ਗਿਆ ਤੇ ਕਿਹਾ ਗਿਆ ਕਿ ਯੂਕਰੇਨੀ ਕੌਮੀਅਤ ਨੂੰ ਭੁੱਲ ਜਾਵੋ। ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੂਸ ਜਾਂ ਰੂਸੀ ਕਬਜ਼ੇ ਵਾਲੇ ਕ੍ਰੀਮੀਆ 'ਚ ਰਹਿਣ ਲਈ ਪਾਸਪੋਰਟ, ਪੈਸਾ ਤੇ ਅਪਾਰਟਮੈਂਟ ਦੀ ਪੇਸ਼ਕਸ਼ ਕੀਤੀ ਗਈ।
ਇਕ ਹੋਰ ਉਦਾਰਨ ਅਕਤੂਬਰ 2022 ਦੀ ਹੈ। ਇਕ ਮੁੰਡੇ ਨੇ ਦੱਸਿਆ ਕਿ ਰੂਸ ਨੇ ਖੇਰਸਾਨ ਨੇਵੀ ਅਕੈਡਮੀ ਦੇ ਕੈਡੇਟਸ ਦਾ ਤਬਾਦਲਾ ਕਰ ਦਿੱਤਾਸੀ। 18 ਸਾਲਾ ਦੇ 30 ਯੂਕਰੇਨੀ ਕੈਡੇਟਸ ਨੂੰ ਫੌਜੀ ਸਿਖਲਾਈ ਲਈ ਰੂਸੀ ਨੇਵੀ ਬੇਸ 'ਤੇ ਭੇਜਿਆ ਗਿਆ। ਉੱਥੇ ਉਨ੍ਹਾਂ ਤੋਂ ਯੂਕਰੇਨ ਸਮਰਥਨ ਛੱਡਣ ਤੇ ਰੂਸ ਵਲੋਂ ਲੜਨ ਲਈ ਤਿਆਰ ਹੋਣ ਨੂੰ ਕਿਹਾ ਗਿਆ।
ਬੱਚੇ ਰੂਸ 'ਚ ਰਹਿ ਸਕਣ, ਇਸ ਦੇ ਲਈ ਗੋਦ ਲੈਣ ਦਾ ਹੱਕ
ਯੂਕਰੇਨ ਦੀ ਸਾਬਕਾ ਚੋਟੀ ਦੀ ਮਨੁੱਖੀ ਅਧਿਕਾਰ ਅਧਿਕਾਰੀ ਲਿਊਡਮਿਲਾ ਡੇਨਿਸੋਵਾ ਦੇ ਮੁਤਾਬਕ, ਰੂਸੀ ਅਧਿਕਾਰੀਆਂ ਨੇ ਯੂਕਰੇਨੀ ਅਨਾਥ ਆਸ਼ਰਮਾਂ ਅਤੇ ਕੁਝ ਸਕੂਲਾਂ ਤੋਂ ਬੱਚਿਆਂ ਨੂੰ ਸਮੂਹਿਕ ਰੂਪ ਵਿੱਚ ਤਬਦੀਲ ਕੀਤਾ। ਰੂਸੀ ਰਾਸ਼ਟਰਪਤੀ ਪੁਤਿਨ ਦੁਆਰਾ ਯੂਕਰੇਨੀ ਬੱਚਿਆਂ ਨੂੰ ਗੋਦ ਲੈਣ ਲਈ ਰੂਸੀ ਪਰਿਵਾਰਾਂ ਲਈ ਰਾਹ ਖੋਲ੍ਹਣ ਤੋਂ ਬਾਅਦ ਖੇਤਰੀ ਅਧਿਕਾਰੀਆਂ ਨੇ ਯੂਕਰੇਨੀ ਬੱਚਿਆਂ ਨੂੰ ਰੂਸੀ ਪਾਲਣ-ਪੋਸਣ ਵਾਲੇ ਪਰਿਵਾਰਾਂ ਨਾਲ ਰੱਖਿਆ।