ਮੈੱਕੇਨ ਦੀ ਆਖਰੀ ਵਿਦਾਈ ਦੌਰਾਨ ਜਦੋਂ ਬੁਸ਼ ਨੇ ਮਿਸ਼ੇਲ ਓਬਾਮਾ ਨੂੰ ਦਿੱਤੀ ਕੈਂਡੀ

Tuesday, Sep 04, 2018 - 01:55 AM (IST)

ਮੈੱਕੇਨ ਦੀ ਆਖਰੀ ਵਿਦਾਈ ਦੌਰਾਨ ਜਦੋਂ ਬੁਸ਼ ਨੇ ਮਿਸ਼ੇਲ ਓਬਾਮਾ ਨੂੰ ਦਿੱਤੀ ਕੈਂਡੀ

ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਅਤੇ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਨ ਮੈੱਕੇਨ ਦੀ ਆਖਰੀ ਵਿਦਾਈ 'ਚ ਜਾਰਜ ਬੁਸ਼ ਅਤੇ ਮਿਸ਼ੇਲ ਓਬਾਮਾ ਇਕੱਠੇ ਬੈਠੇ ਸਨ। ਇਸ ਦੌਰਾਨ ਬੁਸ਼ ਗੁਪਤ ਤਰੀਕੇ ਨਾਲ ਸ਼ਰਾਰਤੀ ਅੰਦਾਜ਼ 'ਚ ਮਿਸ਼ੇਲ ਦੇ ਹੱਥ 'ਚ ਕੈਂਡੀ (ਟੋਫੀ) ਫੜਾਉਂਦੇ ਹੋਏ ਕੈਮਰੇ 'ਚ ਕੈਦ ਹੋ ਗਏ। ਦੱਸ ਦਈਏ ਕਿ ਓਬਾਮਾ ਅਤੇ ਬੁਸ਼ ਪਰਿਵਾਰ ਵਿਚਾਲੇ ਰਾਜਨੀਤਕ ਵਿਰੋਧੀਆਂ ਤੋਂ ਵੱਖ ਇਕ-ਦੂਜੇ ਨਾਲ ਸਹਿਜ ਅੰਦਾਜ਼ 'ਚ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ।

ਆਖਰੀ ਵਿਦਾਈ 'ਚ ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਵੀ ਸ਼ਾਮਲ ਹੋਏ ਸਨ। ਮੈੱਕੇਨ 2008 'ਚ ਓਬਾਮਾ ਖਿਲਾਫ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੀ ਸਨ। ਜਾਨ ਮੈੱਕੇਨ ਦੇ ਦਿਹਾਂਤ 'ਤੇ ਓਬਾਮਾ ਜੋੜੇ ਨੇ ਭਾਵੁਕ ਸੰਦੇਸ਼ ਜਾਰੀ ਕੀਤਾ ਸੀ ਅਤੇ ਉਨ੍ਹਾਂ ਦੀ ਆਖਰੀ ਵਿਦਾਈ 'ਚ ਵੀ ਸ਼ਾਮਲ ਹੋਇਆ। ਬੁਸ਼ ਨੇ ਜਦੋਂ ਮਿਸ਼ੇਲ ਨੂੰ ਕੈਂਡੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਮਿਸ਼ੇਲ ਵੀ ਹੱਸਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਓਬਾਮਾ ਦੋਹਾਂ ਨੂੰ ਦੇਖਦੇ ਹੋਏ ਕੈਦ ਹੋਏ।

PunjabKesari

 

ਇਸ ਤੋਂ ਪਹਿਲਾਂ ਵੀ ਬੁਸ਼ ਅਤੇ ਮਿਸ਼ੇਲ ਦਾ ਦੋਸਤਾਨਾ ਵਿਵਹਾਰ ਦੇਖਣ ਨੂੰ ਮਿਲਿਆ ਸੀ। 2016 'ਚ ਵਾਸ਼ਿੰਗਟਨ 'ਚ ਇਕ ਅਮਰੀਕਨ-ਅਫਰੀਕਨ ਕਲਚਰਲ ਸੈਂਟਰ ਦੇ ਉਦਘਾਟਨ ਦੇ ਮੌਕੇ 'ਤੇ ਮਿਸ਼ੇਲ ਓਬਾਮਾ ਦੀ ਜਾਰਜ ਬੁਸ਼ ਨੂੰ ਗਲੇ ਲਾਉਣ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਦੱਸ ਦਈਏ ਕਿ ਓਬਾਮਾ ਜੋੜਾ ਜਿਥੇ ਡੈਮੋਕ੍ਰੇਟਿਕ ਪਾਰਟੀ ਦੇ ਹਨ, ਉਥੇ ਬੁਸ਼ ਪਰਿਵਾਰ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਹੈ।


Related News