ਲੰਡਨ : ਸੁਰੰਗਾਂ ਰਾਹੀਂ ਚੱਲਣ ਵਾਲੀਆਂ ਰੇਲਾਂ ਤੇ ਬੱਸਾਂ ਹੋ ਸਕਦੀਆਂ ਹਨ ਬੰਦ
Saturday, Oct 03, 2020 - 01:46 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਨੇ ਦੇਸ਼ ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸੇ ਵਿੱਤੀ ਸੰਕਟ ਕਰਕੇ ਲੰਡਨ ਲਈ ਸੁਰੰਗਾਂ ਰਾਹੀਂ ਚੱਲਣ ਵਾਲੀਆਂ ਰੇਲਾਂ ਅਤੇ ਬੱਸਾਂ ਬੰਦ ਹੋਣ ਦੀ ਕਗਾਰ 'ਤੇ ਹਨ। ਇਸ ਸਮੇਂ ਲੰਡਨ ਟ੍ਰਾਂਸਪੋਰਟ (ਟੀ. ਐੱਫ. ਐੱਲ.) ਵੱਡੇ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਅਤੇ ਜੇਕਰ ਯੂ. ਕੇ. ਸਰਕਾਰ ਨੇ ਇਸ ਆਰਥਿਕ ਸੰਕਟ ਨੂੰ ਦੂਰ ਨਹੀਂ ਕੀਤਾ ਤਾਂ ਇਸ 'ਤੇ ਸੰਕਟ ਆ ਸਕਦਾ ਹੈ।
ਕੋਰੋਨਾ ਮਹਾਮਾਰੀ ਕਰਕੇ ਕਿਰਾਏ ਦੀ ਆਮਦਨੀ ਵਿਚ 90 ਫੀਸਦੀ ਦੀ ਗਿਰਾਵਟ ਆਉਣ ਤੋਂ ਬਾਅਦ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੇਵਾਵਾਂ ਨੂੰ ਜਾਰੀ ਰੱਖਣ ਲਈ ਮਈ ਵਿਚ ਇਸ ਨੈੱਟਵਰਕ ਨੂੰ 1.6 ਬਿਲੀਅਨ ਪੌਂਡ ਦਿੱਤੇ ਸਨ ਪਰ ਹੁਣ ਇਹ ਵਿੱਤੀ ਸੌਦਾ ਸਿਰਫ ਦੋ ਹਫਤਿਆਂ ਵਿਚ ਖਤਮ ਹੋਣ ਵਾਲਾ ਹੈ। ਇਸ ਸੰਬੰਧ ਵਿਚ ਨੈੱਟਵਰਕ ਦੇ ਮੁਖੀ ਐਂਡੀ ਬਾਈਫੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਟੀ. ਐੱਫ. ਐੱਲ. ਦੀਆਂ ਸੇਵਾਵਾਂ ਜ਼ਾਰੀ ਰੱਖਣ ਲਈ ਵਧੇਰੇ ਨਕਦੀ ਦੀ ਜ਼ਰੂਰਤ ਹੈ।
ਲੰਡਨ ਟ੍ਰਾਂਸਪੋਰਟ ਅਥਾਰਟੀ ਇਸ ਵਿੱਤੀ ਸਾਲ ਦੇ ਦੂਜੇ ਅੱਧ ਲਈ 2 ਬਿਲੀਅਨ ਅਤੇ ਅਗਲੇ ਸਾਲ ਲਈ ਲਗਭਗ 3 ਬਿਲੀਅਨ ਦੀ ਰਾਸ਼ੀ ਚਾਹੁੰਦਾ ਹੈ ਤਾਂ ਜੋ ਇਸ ਨੂੰ ਚੱਲਦਾ ਰੱਖਿਆ ਜਾ ਸਕੇ। ਜੇਕਰ ਭਵਿੱਖ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਤਾਂ ਟੀ. ਐੱਫ. ਐੱਲ. ਸੜਕ ਦੀ ਮੁਰੰਮਤ ਅਤੇ ਲਾਇਸੈਂਸ ਟੈਕਸੀਆਂ ਅਤੇ ਨਿੱਜੀ ਭਾੜੇ ਦੇ ਵਾਹਨ ਤਾਂ ਚਲਾਏਗਾ ਪਰ ਟਿਊਬਸ, ਰੇਲ ਸੇਵਾਵਾਂ, ਟਰਾਮਾਂ ਅਤੇ ਜ਼ਿਆਦਾਤਰ ਬੱਸਾਂ ਚੱਲਣੀਆਂ ਬੰਦ ਹੋ ਸਕਦੀਆਂ ਹਨ। ਇਸ ਮਾਮਲੇ ਦੀ ਸਮੱਸਿਆ ਦੇ ਸੰਬੰਧ ਵਿੱਚ ਟ੍ਰਾਂਸਪੋਰਟ ਅਥਾਰਟੀ ਅਤੇ ਸਰਕਾਰ ਵਿਚਕਾਰ ਵਿਚਾਰ-ਵਟਾਂਦਰੇ ਜਾਰੀ ਹਨ।