ਪੈਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਨ ਮਗਰੋਂ ਡੂੰਘੀ ਖੱਡ ’ਚ ਡਿੱਗੀ, 27 ਲੋਕਾਂ ਦੀ ਮੌਤ
Saturday, Jun 19, 2021 - 09:27 AM (IST)
ਲੀਮਾ (ਭਾਸ਼ਾ) : ਪੇਰੂ ਦੇ ਅਯਾਕੁਚੋ ਵਿਚ ਸ਼ੁੱਕਰਵਾਰ ਨੂੰ ਇਕ ਅੰਤਰ ਸੂਬਾਈ ਬੱਸ ਦੇ ਪਲਟ ਜਾਣ ਨਾਲ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਹਾਦਸਾ ਸਥਾਨਕ ਸਮੇਂ ਮੁਤਾਬਕ ਤੜਕੇ ਲੱਗਭਗ 3:00 ਵਜੇ ਉਸ ਸਮੇਂ ਵਾਪਰਿਆ, ਜਦੋਂ ਵਾਰੀ ਪਲੋਮਿਨੋ ਕੰਪਨੀ ਦੀ ਬੱਸ ਮਾਈਨਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਕ ਸਮੂਹ ਨੂੰ ਲੈ ਕੇ ਅਯਾਕੁਚੋ ਖੇਤਰ ਤੋਂ ਅਰੇਕਵਿਪਾ ਜਾ ਰਹੀ ਸੀ। ਇਸ ਦੌਰਾਨ ਬੱਸ ਅੰਤਰਰਾਸ਼ਟਰੀ ਹਾਈਵੇ ’ਤੇ ਬੇਕਾਬੂ ਹੋ ਕੇ ਪਲਟ ਗਈ ਅਤੇ ਕਰੀਬ 250 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਦਲ, ਫਾਇਰ ਫਾਈਟਰ ਅਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਜ਼ਖ਼ਮੀਆਂ ਨੂੰ ਨੇੜੇ ਦੇ ਹਪਸਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।