ਬੁਰਕੀਨਾ ਫਾਸੋ 'ਚ ਵੱਡਾ ਹਮਲਾ, 35 ਲੋਕਾਂ ਦੀ ਮੌਤ ਤੇ 80 ਅੱਤਵਾਦੀ ਢੇਰ

12/25/2019 9:29:49 AM

ਬੁਰਕੀਨਾ ਫਾਸੋ— ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਇਕ ਅੱਤਵਾਦੀ ਹਮਲੇ 'ਚ 35 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਫੌਜ ਨਾਲ ਝੜਪ 'ਚ 80 ਅੱਤਵਾਦੀ ਮਾਰੇ ਗਏ। ਦੇਸ਼ ਦੇ ਰਾਸ਼ਟਰਪਤੀ ਰੋਚ ਮਾਰਕ ਕਾਬੋਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਤਵਾਦੀ ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨਾਲ ਹੋਈ ਝੜਪ 'ਚ ਤਕਰੀਬਨ 80 ਅੱਤਵਾਦੀ ਮਾਰੇ ਗਏ।

ਰਾਸ਼ਟਰਪਤੀ ਨੇ ਇਸ ਵੱਡੇ ਅੱਤਵਾਦੀ ਹਮਲੇ ਦੀ ਜਾਣਕਾਰੀ ਟਵਿੱਟਰ 'ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ 'ਚ 35 ਨਾਗਰਿਕਾਂ ਦੀ ਮੌਤ ਹੋ ਗਈ, ਜਿਸ 'ਚ ਜ਼ਿਆਦਾਤਰ ਔਰਤਾਂ ਹਨ। ਬਾਅਦ 'ਚ ਬੁਰਕੀਨਾ ਫਾਸੋ ਦੇ ਸੰਚਾਰ ਮੰਤਰੀ ਰੇਮਿਸ ਡੈਨਜਿਨੋਊ ਨੇ ਦੱਸਿਆ ਕਿ 31 ਔਰਤਾਂ ਦੀ ਮੌਤ ਹੋਈ ਹੈ। ਬੁਰਕੀਨਾ ਫਾਸੋ ਦੀ ਫੌਜ ਨੇ ਕਿਹਾ ਕਿ ਅਰਬਿੰਦਾ ਸ਼ਹਿਰ 'ਚ ਸਵੇਰੇ-ਸਵੇਰੇ ਹੋਏ ਇਸ ਅੱਤਵਾਦੀ ਹਮਲੇ 'ਚ 7 ਜਵਾਨ ਮਾਰੇ ਗਏ ਹਨ। ਹਮਲੇ 'ਚ ਕਈ ਨਾਗਰਿਕਾਂ ਅਤੇ 80 ਅੱਤਵਾਦੀਆਂ ਦੇ ਢੇਰ ਹੋਣ ਦੀ ਖਬਰ ਹੈ। ਪਿਛਲੇ 5 ਸਾਲਾਂ 'ਚ ਬੁਰਕੀਨਾ ਫਾਸੋ 'ਚ ਇਹ ਸਭ ਤੋਂ ਵੱਡੀ ਅੱਤਵਾਦੀ ਘਟਨਾ ਹੈ।

ਸੋਉਮ ਸੂਬੇ ਦੇ ਅਰਬਿੰਦਾ 'ਚ ਇਕ ਫੌਜੀ ਟਿਕਾਣੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਬੁਰਕੀਨਾ ਫਾਸੋ ਦੇ ਗੁਆਂਢੀ ਦੇਸ਼ ਮਾਲੀ ਅਤੇ ਨਾਈਜਰ ਹਨ, ਜਿੱਥੇ ਅਕਸਰ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ। ਇਸ ਪੂਰੇ ਇਲਾਕੇ 'ਚ 2015 ਦੇ ਨੇੜਲੇ ਸਾਲਾਂ 'ਚ ਅੱਤਵਾਦੀ ਘਟਨਾਵਾਂ 'ਚ ਵਾਧਾ ਦੇਖਿਆ ਗਿਆ ਹੈ। ਰਾਸ਼ਟਰਪਤੀ ਰੋਚ ਮਾਰਕ ਨੇ ਕਿਹਾ ਕਿ ਜਵਾਨਾਂ ਦੀ ਬਹਾਦਰੀ ਵਾਲੀ ਕਾਰਵਾਈ 'ਚ ਅੱਤਵਾਦੀ ਮਾਰੇ ਗਏ।ਰਾਸ਼ਟਰਪਤੀ ਨੇ ਦੇਸ਼ 'ਚ 48 ਘੰਟਿਆਂ ਦੇ ਬਾਅਦ ਰਾਸ਼ਟਰੀ ਸੋਗ ਦੀ ਘੋਸ਼ਣਾ ਕੀਤੀ ਹੈ।


Related News