ਬੁਰਕੀਨਾ ਫਾਸੋ 'ਚ ਚਰਚ 'ਤੇ ਹਮਲਾ, 24 ਲੋਕਾਂ ਦੀ ਮੌਤ

02/17/2020 5:03:47 PM

ਔਗਾਡੌਗੂ (ਭਾਸ਼ਾ): ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੀ ਇਕ ਚਰਚ 'ਤੇ ਹਥਿਆਰਬੰਦ ਬੰਦੂਕਧਾਰੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿਚ ਹੁਣ ਤੱਕ 24 ਲੋਕਾਂ ਦੇ ਮਰਨ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਮਲਾਵਰਾਂ ਨੇ ਐਤਵਾਰ ਨੂੰ ਇਕ ਧਾਰਮਿਕ ਸਮਾਰੋਹ ਦੌਰਾਨ ਸਾਹੇਲ ਖੇਤਰ ਦੇ ਯਾਗਾ ਸੂਬੇ ਵਿਚ ਇਕ ਚਰਚ 'ਤੇ ਹਮਲਾ ਕੀਤਾ ਅਤੇ ਪਾਦਰੀ ਸਮੇਤ 24 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ 3 ਹੋਰ ਨੂੰ ਅਗਵਾ ਕਰ ਨਾਲ ਲੈ ਗਏ। ਤੇਜ਼ੀ ਨਾਲ ਅਸਥਿਰ ਹੁੰਦੇ ਇਸ ਪੱਛਮੀ ਅਫਰੀਕੀ ਦੇਸ਼ ਵਿਚ ਇਕ ਧਾਰਮਿਕ ਨੇਤਾ ਦੇ ਵਿਰੁੱਧ ਇਹ ਹਮਲਾ ਹੋਇਆ। 

ਬਾਊਂਦੋਰੇ ਕਮਿਊਨ ਦੇ ਮੇਅਰ ਸਿਹਨਰੀ ਓਸਨਗੋਲਾ ਬ੍ਰਿਗਾਡੀ ਨੇ ਕਿਹਾ ਕਿ ਯਾਘਾ ਸੂਬੇ ਦੇ ਪਾਸਨੀ ਦੇ ਕਸਬੇ ਵਿਚ ਇਹ ਹਮਲਾ ਹੋਇਆ। ਕਰੀਬ 20 ਹਮਲਾਵਰਾਂ ਨੇ ਪ੍ਰੋਟੇਸਟੈਂਟ ਚਰਚ ਨੇੜੇ ਪੁਰਸ਼ਾਂ ਅਤੇ ਔਰਤਾਂ ਨੂੰ ਵੱਖਰਾ ਕੀਤਾ ਅਤੇ ਹਮਲਾ ਕਰ ਦਿੱਤਾ। ਇਸ ਵਿਚ ਘੱਟੋ-ਘੱਟ 10 ਹੋਰ ਜ਼ਖਮੀ ਹੋ ਗਏ। ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਦੁਕਾਨਾਂ ਤੋਂ ਤੇਲ ਅਤੇ ਚੌਲ ਲੁੱਟ ਲਏ। ਡੋਰੀ ਵਿਚ ਇਕ ਸਰਕਾਰੀ ਸੁਰੱਖਿਆ ਅਧਿਕਾਰੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਹਮਲੇ ਦੇ ਬਾਅਦ ਚਰਚ ਵਿਚ ਅੱਗ ਲਗਾ ਦਿੱਤੀ ਗਈ। ਹਮਲੇ ਵਿਚ ਈਸਾਈ ਅਤੇ ਮੁਸਲਿਮ ਦੋਹਾਂ ਧਰਮਾਂ ਦੇ ਲੋਕ ਮਾਰੇ ਗਏ ਹਨ। 
ਫੌਜ ਦੇ ਅਧਿਕਾਰੀ ਕਰਨਲ ਸਲਫੋ ਕਾਬੋਰ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਹੈ ਕਿ ਹਥਿਆਰਬੰਦ ਅੱਤਵਾਦੀਆਂ ਨੇ ਯਾਘਾ ਸੂਬੇ ਵਿਚ ਪਿੰਡ ਪਨਸੀ ਵਿਚ ਦਾਖਲ ਹੋ ਕੇ ਸ਼ਾਂਤੀਪੂਰਨ ਸਥਾਨਕ ਆਬਾਦੀ 'ਤੇ ਹਮਲਾ ਕੀਤਾ। ਦੇਸ਼ ਦੇ ਉੱਤਰੀ ਹਿੱਸੇ ਵਿਚ ਐਮਰਜੈਂਸੀ ਦੀ ਸਥਿਤੀ ਜੋ 12 ਜਨਵਰੀ ਨੂੰ ਖਤਮ ਹੋਈ, ਅੱਤਵਾਦ ਦੇ ਵਿਰੁੱਧ ਲੜਾਈ ਦਾ ਸਮਰਥਨ ਕਰਨ ਲਈ ਇਕ ਹੋਰ ਸਾਲ ਲਈ ਵਧਾ ਦਿੱਤੀ ਗਈ। ਦੇਸ਼ ਵਿਚ 13 ਵਿਚੋਂ 7 ਖੇਤਰਾਂ ਵਿਚ ਐਮਰਜੈਂਸੀ ਲਾਗੂ ਹੈ। ਪਿਛਲੇ ਚਾਰ ਸਾਲਾਂ ਵਿਚ ਅੱਤਵਾਦੀ ਸੰਗਠਨਾਂ ਵੱਲੋਂ 700 ਲੋਕ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਅਸ਼ਾਂਤੀ ਕਾਰਨ 27,000 ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਹਨ। 


Vandana

Content Editor

Related News