ਬੁਰਕੀਨਾ ਫਾਸੋ ਦੇ ਫੌਜੀ ਸ਼ਾਸਨ ਨੇ ਫਰਾਂਸ ਦੇ ਰਾਜਦੂਤ ਨੂੰ ਦਿੱਤਾ ਦੇਸ਼ ਨਿਕਾਲਾ

01/03/2023 1:49:55 PM

ਡਕਾਰ/ਸੇਨੇਗਲ (ਭਾਸ਼ਾ)- ਬੁਰਕੀਨਾ ਫਾਸੋ ਦੇ ਫ਼ੌਜੀ ਸ਼ਾਸਨ ਨੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਪੱਛਮੀ ਅਫਰੀਕੀ ਦੇਸ਼ ਵਿੱਚ ਫਰਾਂਸ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਹਨ ਅਤੇ ਦੇਸ਼ ਦਾ ਝੁਕਾਅ ਰੂਸ ਨਾਲ ਮਜ਼ਬੂਤ ​​ਸਬੰਧ ਬਣਾਉਣ ਵੱਲ ਹੈ। ਸਰਕਾਰ ਦੇ ਬੁਲਾਰੇ ਜਿਯਾਂ-ਇਮੈਨੁਅਲ ਓਡਰਾਗੋ ਨੇ ਪੁਸ਼ਟੀ ਕੀਤੀ ਕਿ ਫਰਾਂਸ ਦੇ ਰਾਜਦੂਤ ਲਿਊਸ ਹੈਲਾਡੇ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਬੁਲਾਰੇ ਨੇ ਇਸ ਸਬੰਧ ਵਿਚ ਹੋਰ ਵੇਰਵੇ ਨਹੀਂ ਦਿੱਤੇ।

ਉਥੇ ਹੀ ਫਰਾਂਸ ਦੇ ਦੂਤਘਰ ਨੇ ਇਸ ਸਬੰਧ ਵਿਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਹੈਲਾਡੇ ਦੇ ਦੇਸ਼ ਨਿਕਾਲੇ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਮਿਸ਼ਨਾਂ ਦੀ ਕੋਆਰਡੀਨੇਟਰ ਬਾਰਬਰਾ ਮੇਂਜ਼ੀ ਨੂੰ ਵੀ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੇਸ਼ ਅਲਕਾਇਦਾ ਅਤੇ ਇਸਲਾਮਿਕ ਸਟੇਟ ਦੀਆਂ ਅੱਤਵਾਦੀ ਗਤੀਵਿਧੀਆਂ ਦੀ ਗ੍ਰਿਫ਼ਤ ਵਿਚ ਹੈ ਅਤੇ ਇਨ੍ਹਾਂ ਨਾਲ ਜੁੜੀ ਹਿੰਸਾ 'ਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਘੱਟੋ-ਘੱਟ 20 ਲੱਖ ਲੋਕ ਬੇਘਰ ਹੋਏ ਹਨ।

ਮੌਜੂਦਾ ਫੌਜੀ ਸ਼ਾਸਨ ਨੇ ਪਿਛਲੇ ਸਾਲ ਉਸ ਸਮੇਂ ਦੀ ਸਰਕਾਰ ਨੂੰ ਡੇਗ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਹਿੰਸਾ ਨੂੰ ਰੋਕਣ ਵਿੱਚ ਅਸਫ਼ਲ ਰਹੀ ਹੈ। ਨਵੇਂ ਫੌਜੀ ਸ਼ਾਸਕ ਕੈਪਟਨ ਇਬਰਾਹਿਮ ਤਿਰੌਏ ਦੇ ਸਤੰਬਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਹੀ ਦੇਸ਼ ਵਿੱਚ ਫਰਾਂਸ ਵਿਰੋਧੀ ਭਾਵਨਾ ਵਧ ਗਈ ਹੈ। ਕੈਪਟਨ ਕਈ ਮੌਕਿਆਂ 'ਤੇ ਦੂਜੇ ਦੇਸ਼ਾਂ ਖਾਸ ਕਰਕੇ ਰੂਸ ਨਾਲ ਕੰਮ ਕਰਨ ਦੀ ਗੱਲ ਕਹਿ ਚੁੱਕੇ ਹਨ।


cherry

Content Editor

Related News