ਨਾਈਜੀਰੀਆ ''ਚ ਡਾਕੂਆਂ ਨਾਲ ਨਿਪਟਣ ਲਈ ਇਕ ਹਜ਼ਾਰ ਸੁਰੱਖਿਆ ਕਰਮਚਾਰੀ ਹੋਣਗੇ ਤਾਇਨਾਤ

Monday, Jul 30, 2018 - 07:22 PM (IST)

ਅਬੁਜਾ— ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ 'ਚ ਡਾਕੂਆਂ ਨਾਲ ਲੜਨ ਲਈ ਹਵਾਈ ਫੌਜ ਤੋਂ ਇਲਾਵਾ ਇਕ ਹਜ਼ਾਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਰਾਸ਼ਟਰਪਤੀ ਮਹੰਮਦ ਬੁਹਾਰੀ ਨੇ ਐਤਵਾਰ ਨੂੰ ਆਪਣੇ ਇਕ ਇੰਟਰਵਿਊ 'ਚ ਇਹ ਜਾਣਕਾਰੀ ਦਿੱਤੀ। ਇਸ ਕਦਮ ਨਾਲ ਪਤਾ ਲੱਗਦਾ ਹੈ ਕਿ ਨਾਈਜੀਰੀਆ 'ਚ ਸੁਰੱਖਿਆ ਵਿਵਸਥਾ ਕਿੰਨੀ ਖਰਾਬ ਹੈ। ਜਿਥੇ ਅਪ੍ਰਭਾਵੀ ਪੁਲਸ ਬਲ ਦੇ ਕਾਰਨ ਵਿਸ਼ੇਸ਼ ਰੂਪ ਨਾਲ ਸ਼ਹਿਰੀ ਖੇਤਰ ਤੋਂ ਬਾਹਰ ਦੇ ਇਲਾਕਿਆਂ 'ਚ ਪਹਿਲਾਂ ਤੋਂ ਹੀ ਕਮਜ਼ੋਰ ਕਾਨੂੰਨ ਵਿਵਸਥਾ ਹੋਰ ਖਰਾਬ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਨਾਈਜੀਰੀਆ ਪਿਛਲੇ ਕਰੀਬ 9 ਸਾਲਾਂ ਤੋਂ ਅੱਤਵਾਦੀ ਸੰਗਠਨ ਬੋਕੋ ਹਰਾਮ ਤੇ ਇਸਲਾਮਿਕ ਸਟੇਟ ਦਾ ਸਾਹਮਣਾ ਕਰ ਰਿਹਾ ਹੈ। ਨਾਈਜੀਰੀਆ ਦੇ ਉੱਤਰ ਪੱਛਮ 'ਚ ਪਿਛਲੇ ਕਰੀਬ ਚਾਰ ਸਾਲਾਂ ਦੌਰਾਨ ਡਾਕੂਆਂ ਦੀ ਦਹਿਸ਼ਤ ਬਹੁਤ ਵਧ ਗਈ ਹੈ। ਜਮਫਾਰਾ ਸੂਬਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸ ਖੇਤਰ 'ਚ ਕਤਲ ਤੇ ਕਿਡਨੈਪਿੰਗ ਦੀਆਂ ਹੋ ਰਹੀਆਂ ਲਗਾਤਾਰ ਘਟਨਾਵਾਂ ਦੇ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਬਹੁਤ ਵਧ ਗਈਆਂ ਹਨ। ਜਮਫਾਰਾ ਸੂਬੇ ਦੇ ਪਿੰਡਾਂ ਤੇ ਕਸਬਿਆਂ ਨੂੰ ਡਰਾਉਣ ਵਾਲੇ ਡਾਕੂਆਂ 'ਤੇ ਵੱਡੇ ਹਮਲੇ ਦੀ ਸ਼ੁਰੂਆਤ ਕਰਨ ਲਈ ਸਰਕਾਨ ਨੇ ਫੌਜ, ਹਵਾਈ ਫੌਜ, ਪੁਲਸ ਤੇ ਨਾਗਰਿਕ ਸੁਰੱਖਿਆ ਬਲ ਸਣੇ ਕਰੀਬ ਇਕ ਹਜ਼ਾਰ ਸੁਰੱਖਿਆ ਕਰਮਚਾਰੀਆਂ ਨੂੰ ਇਕੱਠਾ ਕਰ ਲਿਆ ਹੈ।
ਦੱਸਣਯੋਗ ਹੈ ਕਿ ਸਾਲ 2015 'ਚ ਨਾਈਜੀਰੀਆ ਦੀ ਸੱਤਾ ਸੰਭਾਲਣ ਵਾਲੇ ਬੁਹਾਰੀ ਨੇ ਦੇਸ਼ ਦੀ ਸੁਰੱਖਿਆ ਵਿਵਸਥਾ ਸਹੀ ਕਰਨ ਦਾ ਵਾਅਦਾ ਕੀਤਾ ਸੀ। ਨਾਈਜੀਰੀਆ 'ਚ ਫਰਵਰੀ 2019 'ਚ ਚੋਣਾਂ ਹੋਣਗੀਆਂ। ਬੁਹਾਰੀ ਦੇ ਨਿੰਦਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰਜਕਾਲ 'ਚ ਸਥਿਤੀ ਬਹੁਤ ਖਰਾਬ ਹੋ ਗਈ ਹੈ।


Related News