ਬੰਗਲਾਦੇਸ਼ ''ਚ ਈਸ਼ਨਿੰਦਾ ਦੇ ਸ਼ੱਕ ਹੇਠ ਬੇਰਹਿਮੀ, ਭੀੜ ਨੇ ਹਸਪਤਾਲ ''ਚੋਂ ਧੂਹ ਕੇ ਕੁੱਟ-ਕੁੱਟ ਮਾਰ ''ਤਾ ਨੌਜਵਾਨ

Thursday, Oct 15, 2026 - 02:53 AM (IST)

ਬੰਗਲਾਦੇਸ਼ ''ਚ ਈਸ਼ਨਿੰਦਾ ਦੇ ਸ਼ੱਕ ਹੇਠ ਬੇਰਹਿਮੀ, ਭੀੜ ਨੇ ਹਸਪਤਾਲ ''ਚੋਂ ਧੂਹ ਕੇ ਕੁੱਟ-ਕੁੱਟ ਮਾਰ ''ਤਾ ਨੌਜਵਾਨ

ਢਾਕਾ/ਸਤਖੀਰਾ (ਬੰਗਲਾਦੇਸ਼) : ਬੰਗਲਾਦੇਸ਼ ਦੇ ਦੱਖਣ-ਪੱਛਮੀ ਜ਼ਿਲ੍ਹੇ ਸਤਖੀਰਾ ਵਿੱਚ ਈਸ਼ਨਿੰਦਾ ਦੇ ਸ਼ੱਕ ਹੇਠ ਇੱਕ 30 ਸਾਲਾ ਨੌਜਵਾਨ ਦੀ ਭੀੜ ਵੱਲੋਂ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੇ ਹਮਲੇ ਤੋਂ ਬਾਅਦ ਪੁਲਸ ਨੇ ਨੌਜਵਾਨ ਨੂੰ ਭੀੜ ਤੋਂ ਛੁਡਾ ਕੇ ਹਸਪਤਾਲ ਭਰਤੀ ਕਰਵਾਇਆ ਸੀ, ਪਰ ਕੁਝ ਹੀ ਘੰਟਿਆਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਨੇ ਹਸਪਤਾਲ ਵਿੱਚ ਵੜ ਕੇ ਉਸ 'ਤੇ ਦੂਜੀ ਵਾਰ ਜਾਨਲੇਵਾ ਹਮਲਾ ਕਰ ਦਿੱਤਾ।

ਹਸਪਤਾਲ ਦਾ ਪਿਛਲਾ ਦਰਵਾਜ਼ਾ ਤੋੜ ਕੇ ਵਾਰਡ 'ਚ ਵੜੀ ਭੀੜ

ਦੇਭਾਟਾ ਥਾਣੇ ਦੇ ਇੰਚਾਰਜ ਐੱਚ. ਐੱਮ. ਸ਼ਾਹੀਨ ਅਨੁਸਾਰ ਮੰਗਲਵਾਰ ਸ਼ਾਮ ਨੂੰ ਸਖੀਪੁਰ ਇਲਾਕੇ ਵਿੱਚ ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਫੜ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਛੁਡਾਇਆ ਅਤੇ ਦੇਭਾਟਾ ਉਪ ਜ਼ਿਲ੍ਹਾ ਸਿਹਤ ਕੇਂਦਰ ਵਿੱਚ ਭਰਤੀ ਕਰਵਾਇਆ। ਹਾਲਾਂਕਿ, ਰਾਤ ਲਗਭਗ 8:40 ਵਜੇ 200 ਤੋਂ 250 ਲੋਕਾਂ ਦੀ ਭੀੜ ਹਸਪਤਾਲ ਦੇ ਬਾਹਰ ਇਕੱਠੀ ਹੋ ਗਈ। ਪੁਲਸ, ਅੰਸਾਰ ਸੁਰੱਖਿਆ ਬਲ ਦੇ ਜਵਾਨਾਂ ਅਤੇ ਡਾਕਟਰਾਂ ਦੇ ਰੋਕਣ ਦੇ ਬਾਵਜੂਦ ਭੀੜ ਹਸਪਤਾਲ ਦਾ ਪਿਛਲਾ ਦਰਵਾਜ਼ਾ ਤੋੜ ਕੇ ਵਾਰਡ ਅੰਦਰ ਦਾਖਲ ਹੋ ਗਈ। ਹਮਲਾਵਰ ਦੂਜੇ ਮਰੀਜ਼ਾਂ ਦੇ ਸਾਹਮਣੇ ਹੀ ਉਸ ਨੂੰ ਵਾਰਡ ਵਿੱਚੋਂ ਬਾਹਰ ਧੂਹ ਕੇ ਲੈ ਗਏ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਵੱਡਾ ਸਮੁੰਦਰੀ ਹਾਦਸਾ: 2500 ਕੰਟੇਨਰਾਂ ਨਾਲ ਲੱਦਿਆ ਕਾਰਗੋ ਜਹਾਜ਼ ਸਮੁੰਦਰ 'ਚ ਡੁੱਬਿਆ

ਇਲਾਜ ਲਈ ਲਿਜਾਂਦੇ ਸਮੇਂ ਹੋਈ ਮੌਤ

ਦੂਜੇ ਹਮਲੇ ਤੋਂ ਬਾਅਦ ਨੌਜਵਾਨ ਦੀ ਹਾਲਤ ਜ਼ਿਆਦਾ ਵਿਗੜ ਗਈ। ਉਸ ਨੂੰ ਬਿਹਤਰ ਇਲਾਜ ਲਈ ਸਤਖੀਰਾ ਮੈਡੀਕਲ ਕਾਲਜ ਹਸਪਤਾਲ ਰੈਫਰ ਕੀਤਾ ਗਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਬੁੱਧਵਾਰ ਤੜਕੇ ਲਗਭਗ 1 ਵਜੇ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਤਖੀਰਾ ਸਦਰ ਹਸਪਤਾਲ ਭੇਜ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?

ਮ੍ਰਿਤਕ ਦੀ ਪਛਾਣ ਵਾਹਿਦੁੱਜ਼ਮਾਨ ਸ਼ਮੀਮ (30) ਵਜੋਂ ਹੋਈ ਹੈ, ਜਿਸ ਨੇ ਜਗਨਨਾਥ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ (ਐੱਮ. ਏ.) ਕੀਤੀ ਸੀ। ਰਿਪੋਰਟਾਂ ਅਨੁਸਾਰ ਸੋਸ਼ਲ ਮੀਡੀਆ 'ਤੇ ਇੱਕ ਆਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਸ਼ਮੀਮ 'ਤੇ ਪੈਗੰਬਰ ਮੁਹੰਮਦ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ।

ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ

ਪਰਿਵਾਰ ਨੇ ਦੱਸੀ ਮਾਨਸਿਕ ਸਥਿਤੀ

ਮ੍ਰਿਤਕ ਦੇ ਵੱਡੇ ਭਰਾ ਅਬਦੁਲ ਜਲੀਲ ਨੇ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਢਾਕਾ ਤੋਂ ਘਰ ਪਰਤਦੇ ਸਮੇਂ ਕੁਝ ਬਦਮਾਸ਼ਾਂ ਨੇ ਸ਼ਮੀਮ ਨੂੰ ਨਸ਼ੀਲਾ ਪਦਾਰਥ ਦੇ ਕੇ ਲੁੱਟ ਲਿਆ ਸੀ, ਜਿਸ ਤੋਂ ਬਾਅਦ ਉਸ ਦੇ ਵਿਵਹਾਰ ਵਿੱਚ ਕਾਫੀ ਬਦਲਾਅ ਆ ਗਿਆ ਸੀ। ਆਡੀਓ ਕਲਿੱਪ ਤੋਂ ਬਾਅਦ ਮਿਲ ਰਹੀਆਂ ਧਮਕੀਆਂ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਮੰਗਲਵਾਰ ਨੂੰ ਪਰਿਵਾਰ ਵਾਲੇ ਉਸ ਨੂੰ ਸਥਾਨਕ ਡਾਕਟਰ ਕੋਲ ਲੈ ਕੇ ਜਾ ਰਹੇ ਸਨ, ਜਦੋਂ ਰਸਤੇ ਵਿੱਚ ਭੀੜ ਨੇ ਉਸ 'ਤੇ ਹਮਲਾ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News