ਬਰੱਸਲਜ਼ ਵਿਖੇ ਮਨਾਇਆ ਗਿਆ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
Wednesday, Jan 08, 2020 - 10:45 AM (IST)

ਰੋਮ (ਕੈਂਥ): ਯੂਰਪ ਦੀ ਰਾਜਧਾਨੀ ਬਰੱਸਲਜ਼ (ਬੈਲਜੀਅਮ) ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਹਫਤਾਵਾਰੀ ਦੀਵਾਨਾ ਸਮੇਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਬਾਅਦ ਭਾਈ ਕੇਵਲ ਸਿੰਘ ਬੈਲਜ਼ੀਅਮ ਵਾਲਿਆਂ ਦੇ ਜਥੇ ਨੇ ਕਥਾ-ਕੀਰਤਨ ਕਰਦਿਆਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਅਤੇ ਸਿਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਮੌਕੇ ਬਰੱਸਲਜ਼ ਦੇ ਬੱਚਿਆਂ ਦਿਲਪ੍ਰੀਤ ਕੌਰ, ਹਰਲੀਨ ਕੌਰ ਅਤੇ ਲਵਲੀਨ ਕੌਰ ਨੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਕ ਕਵਿਤਾ ਵੀ ਗਾਈ। ਜ਼ਿਕਰਯੋਗ ਹੈ ਕਿ ਬਰੱਸਲਜ਼ ਦਾ ਗੁਰਦਵਾਰਾ ਸਾਹਿਬ ਬੰਦ ਹੋਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤਿ ਸਮਾਗਮ ਨਵੰਬਰ 2018 'ਤੋਂ ਇੱਕ ਕਿਰਾਏ ਦਾ ਹਾਲ ਲੈ ਕੇ ਸੁਰੂ ਕੀਤੇ ਗਏ ਸਨ ਜੋ ਹੁਣ ਤੱਕ ਲਗਾਤਾਰ ਜਾਰੀ ਹਨ। ਪ੍ਰਬੰਧਕਾਂ ਨੇ ਸੰਗਤਾਂ ਦੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਗੁਰਦਵਾਰਾ ਗੁਰੂ ਰਾਮਦਾਸ ਓੁਪਰਤਿੰਗਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਲਈ ਵਿਸੇਸ਼ ਧੰਨਵਾਦ ਕੀਤਾ ਹੈ ਜੋ ਬਰੱਸਲਜ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿੱਚ ਮਿਲ ਜੁੜ ਬੈਠਣ ਲਈ ਕੀਤੇ ਜਾਂਦੇ ਉਪਰਾਲੇ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ।