ਪਾਕਿਸਤਾਨ : ਖੰਡਿਤ ਕੀਤੀ ਗਈ ਮਾਂ ਦੁਰਗਾ ਦੀ ਮੂਰਤੀ, ਚਾਂਦੀ ਦੇ ਹਾਰ ਅਤੇ ਨਕਦੀ ਚੋਰੀ
Friday, Dec 02, 2022 - 01:25 PM (IST)
ਅੰਮ੍ਰਿਤਸਰ - ਪਾਕਿਸਤਾਨ ਵਿਚ ਸਿੱਖਾਂ-ਹਿੰਦੂਆਂ 'ਤੇ ਤਸ਼ੱਦਦ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਅੱਤਿਆਚਾਰ ਸਿਰਫ਼ ਉਥੇ ਰਹਿਣ ਵਾਲੇ ਹਿੰਦੁਆਂ ਅਤੇ ਸਿੱਖਾਂ 'ਤੇ ਹੀ ਨਹੀਂ ਹੋ ਰਿਹਾ ਸਗੋਂ ਪਾਕਿਸਤਾਨ ਦੇ ਕੱਟਰਪੰਥੀ ਮੁਸਲਮਾਨ ਉਥੇ ਮੌਜੂਦ ਧਾਰਮਿਕ ਸਥਾਨਾਂ ਨੂੰ ਖੰਡਿਤ ਕਰ ਰਹੇ ਹਨ। ਹੁਣ ਕੱਟਰਪੰਥੀ ਮੁਸਲਮਾਨਾਂ ਨੇ ਪਾਕਿਸਤਾਨ ਦੇ ਸਿੰਧ ਦੇ ਫਜਲ ਭੰਭੌਰ ਇਲਾਕੇ ਦੇ ਨੌਕੋਟ ਵਿਚ ਸਥਿਤ ਹਿੰਦੂ ਰਾਮਾਪੀਰ ਮੰਦਿਰ ਉੱਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਮਾਂ ਦੁਰਗਾ ਦੀ ਮੂਰਤੀ ਨੂੰ ਖੰਡਿਤ ਕੀਤਾ। ਸਿਰਫ਼ ਇੰਨਾ ਹੀ ਨਹੀਂ ਦਾਨ ਪੇਟੀ ਵਿਚ ਰੱਖੀ 11 ਮਹੀਨਿਆਂ(ਜਨਵਰੀ-ਨਵੰਬਰ) ਦੀ ਚੜ੍ਹਾਵੇ ਦੀ 25 ਹਜ਼ਾਰ ਰੁਪਏ ਰਕਮ ਵੀ ਲੁੱਟ ਲਈ। ਇਸ ਦੇ ਨਾਲ ਹੀ ਦੁਰਗਾ ਮਾਂ ਦੇ ਤਿੰਨ ਚਾਂਦੀ ਦੇ ਹਾਰ ਵੀ ਚੋਰੀ ਕਰ ਲਏ ਹਨ ਹਿੰਦੂ ਭਾਈਚਾਰੇ ਨੇ ਇਸ ਘਟਨਾ ਦੇ ਵਿਰੋਧ ਵਿਚ ਪੁਲਸ ਚੌਕੀ ਵਿਚ ਰਿਪੋਰਟ ਵੀ ਦਰਜ ਕਰਵਾਈ ਹੈ। ਇਸ ਘਟਨਾ ਕਾਰਨ ਹਿੰਦੂ ਸਮਾਜ ਵਿਚ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੂਸ ਨੇ ਭਾਰਤ ਤੋਂ ਮੰਗੀ ਮਦਦ, ਪ੍ਰਮੁੱਖ ਖੇਤਰਾਂ ਦੇ 500 ਉਤਪਾਦਾਂ ਦੀ ਭੇਜੀ ਸੂਚੀ
ਅੰਮ੍ਰਿਤਸਰ ਦੇ ਹਿੰਦੂ ਨੇਤਾ ਰਾਜਿੰਦਰ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਮੰਦਿਰ ਦੀ ਦੇਖ-ਰੇਖ ਕਰਨ ਵਾਲੇ ਭਗਵਾਨ ਦਾਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਭਗਵਾਨ ਦਾਸ ਮੁਤਾਬਕ ਚਾਂਦੀ ਦੇ ਤਿੰਨ ਹਾਰ ਦਾ ਭਾਰ 10 ਤੋਲੇ ਸੀ। ਸ਼ਿਕਾਇਤ ਕਰਨ ਦੇ ਬਾਵਜੂਦ ਪਾਕਿਸਤਾਨ ਦੀ ਸਰਕਾਰ ਕੋਲੋਂ ਸਹੀ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਲ 2019 ਵਿਚ ਵੀ ਸਿੰਧ ਸੂਬੇ ਦੇ ਘੋਤਕੀ ਇਲਾਕੇ ਵਿਚ ਕੱਟਰਪੰਥੀਆਂ ਨੇ ਇਕ ਮੰਦਿਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ। ਇਸ ਦੌਰਾਨ ਪਾਕਿਸਤਾਨ ਦੀ ਪੁਲਸ ਮੌਕੇ ਸਮੇਂ ਤਮਾਸ਼ਬੀਨ ਬਣੀ ਰਹੀ। ਸਮੇਂ-ਸਮੇਂ 'ਤੇ ਪਾਕਿਸਤਾਨ ਦੀ ਧਰਤੀ 'ਤੇ ਧਾਰਮਿਕ ਬੇਅਬਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੀ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Apple ਪ੍ਰੋਡਕਟਸ ਦੀ ਪ੍ਰੋਡਕਸ਼ਨ ’ਚ ਚੀਨ ਨੂੰ ਪਛਾੜਨ ਦੀ ਕੋਸ਼ਿਸ਼, ਟਾਟਾ ਖ਼ਰੀਦ ਸਕਦੀ ਹੈ ਪਲਾਂਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।