ਨੂੰਹ ਦੀ 'ਆਨਰ ਕਿਲਿੰਗ' ਦੇ ਦੋਸ਼ 'ਚ ਜੇਲ੍ਹ 'ਚ ਬੰਦ ਬ੍ਰਿਟਿਸ਼ ਸਿੱਖ ਔਰਤ ਰਿਹਾਅ
Wednesday, Apr 19, 2023 - 03:20 PM (IST)
ਲੰਡਨ (ਏਜੰਸੀ): ਬ੍ਰਿਟੇਨ ਤੋਂ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਇਕ 86 ਸਾਲਾ ਬ੍ਰਿਟਿਸ਼ ਸਿੱਖ ਔਰਤ ਜਿਸ ਨੇ ‘ਪਰਿਵਾਰ ਨੂੰ ਸ਼ਰਮਸਾਰ ਕਰਨ’ ਲਈ 1998 ਵਿਚ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਸੀ, ਨੂੰ 15 ਸਾਲ ਤੋਂ ਵੀ ਘੱਟ ਸਮੇਂ ਦੀ ਜੇਲ੍ਹ ਕੱਟਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਵੈਸਟ ਲੰਡਨ ਦੇ ਹੇਜ਼ ਦੀ ਰਹਿਣ ਵਾਲੀ ਬਚਨ ਕੌਰ ਅਠਵਾਲ ਨੂੰ 2007 ਵਿੱਚ 27 ਸਾਲਾ ਸੁਰਜੀਤ ਅਠਵਾਲ ਦੇ ਕਤਲ ਦਾ ਹੁਕਮ ਦੇਣ ਦੇ ਦੋਸ਼ ਵਿਚ 20 ਸਾਲਾਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਅਠਵਾਲ ਨੇ ਕਤਲ ਦਾ ਹੁਕਮ ਉਦੋਂ ਦਿੱਤਾ ਸੀ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਸ ਦੀ ਨੂੰਹ ਦਾ ਕਿਸੇ ਨਾਲ ਪ੍ਰੇਮ ਸਬੰਧ ਸੀ ਅਤੇ ਉਹ ਉਸ ਦੇ ਪੁੱਤਰ ਸੁਖਦੇਵ ਨੂੰ ਤਲਾਕ ਦੇਣਾ ਚਾਹੁੰਦੀ ਸੀ।
ਡੇਲੀ ਮਿਰਰ ਦੀ ਰਿਪੋਰਟ ਅਨੁਸਾਰ ਪੈਰੋਲ ਬੋਰਡ ਨੇ ਨਿਆਂ ਸਕੱਤਰ ਡੋਮਿਨਿਕ ਰਾਅਬ ਦੁਆਰਾ ਉਸਨੂੰ ਸਲਾਖਾਂ ਪਿੱਛੇ ਰੱਖਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾੜੀ ਸਿਹਤ ਅਤੇ ਦਿਮਾਗੀ ਕਮਜ਼ੋਰੀ ਦਾ ਹਵਾਲਾ ਦਿੰਦੇ ਹੋਏ ਬਚਨ ਨੂੰ ਜਲਦੀ ਰਿਹਾਈ ਦੇ ਦਿੱਤੀ। ਜੱਜ ਗਾਇਲਸ ਫੋਰੈਸਟਰ ਦੁਆਰਾ ਉਸ ਨੂੰ ਘੱਟੋ-ਘੱਟ 20 ਸਾਲ ਦੀ ਕੈਦ ਦੀ ਸਜ਼ਾ ਭੁਗਤਣ ਦਾ ਹੁਕਮ ਦਿੱਤਾ ਗਿਆ ਸੀ। ਰਾਅਬ ਨੇ ਆਪਣੀ ਅਪੀਲ ਵਿੱਚ ਦਾਅਵਾ ਕੀਤਾ ਕਿ ਬਚਨ ਅਜੇ ਵੀ ਸਮਾਜ ਲਈ ਖਤਰਾ ਹੈ ਪਰ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਦਿ ਸਨ ਮੁਤਾਬਕ ਬਚਨ ਨੂੰ ਪਿਛਲੇ ਸਾਲ ਅਗਸਤ ਵਿੱਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲ ਮਈ ਵਿੱਚ ਬਚਨ ਨੇ ਜੇਲ੍ਹ ਵਿੱਚ ਆਪਣੀ ਧੀ ਨੂੰ ਥੱਪੜ ਮਾਰਿਆ ਸੀ ਅਤੇ ਸਟਾਫ਼ ਦੇ ਇੱਕ ਮੈਂਬਰ ਦੀ ਕੁੱਟਮਾਰ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-77 ਸਾਲਾਂ ਬਾਅਦ ਪੰਜਾਬ ਤੋਂ ਪਾਕਿਸਤਾਨ ਪਹੁੰਚਿਆ ਪੂਰਨ ਸਿੰਘ, ਹੋਇਆ ਨਿੱਘਾ ਸਵਾਗਤ (ਤਸਵੀਰਾਂ)
ਡੇਲੀ ਮਿਰਰ ਦੀ ਰਿਪੋਰਟ ਅਨੁਸਾਰ ਡਾਕਟਰੀ ਮੁਲਾਂਕਣਾਂ ਨੇ ਸੁਝਾਅ ਦਿੱਤਾ ਹੈ ਕਿ ਬਚਨ ਦਾ "ਡਿਮੇਨਸ਼ੀਆ ਤੋਂ ਪੀੜਤ ਕਿਸੇ ਹੋਰ ਵਿਅਕਤੀ ਦੀ ਤਰ੍ਹਾਂ ਪ੍ਰਬੰਧਨ ਕਰਨਾ ਮੁਸ਼ਕਲ ਹੋਵੇਗਾ। ਜਾਣਕਾਰੀ ਮੁਤਾਬਕ ਸੁਰਜੀਤ ਦੀ ਲਾਸ਼ ਕਦੇ ਨਹੀਂ ਮਿਲੀ ਅਤੇ ਉਹ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਈ। ਓਲਡ ਬੇਲੀ ਨੇ ਸੁਣਿਆ ਕਿ ਕਿਵੇਂ ਸੁਰਜੀਤ ਨੂੰ 16 ਸਾਲ ਦੀ ਉਮਰ ਵਿੱਚ ਸੁਖਦੇਵ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਤੇ ਪਰਿਵਾਰ ਦੁਆਰਾ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਸੀ। ਇੱਕ ਕਸਟਮ ਅਫਸਰ ਸੁਰਜੀਤ ਨੂੰ ਬਚਨ ਅਤੇ ਸੁਖਦੇਵ ਦੁਆਰਾ ਪਰਿਵਾਰਕ ਵਿਆਹ ਵਿੱਚ ਸ਼ਾਮਲ ਹੋਣ ਦੇ ਬਹਾਨੇ ਪੰਜਾਬ ਲਿਆਂਦਾ ਗਿਆ, ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸੁਖਦੇਵ ਨੂੰ ਵੀ ਕਤਲ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਘੱਟੋ-ਘੱਟ 27 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੱਜ ਫੋਰੈਸਟਰ ਨੇ ਕਿਹਾ ਕਿ ਇਹ ਕਤਲ ਇੱਕ ਘਿਨਾਉਣਾ ਅਪਰਾਧ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।