ਛੁੱਟੀਆਂ ''ਤੇ ਥਾਈਲੈਂਡ ਗਏ ਸਿੱਖ ਨੌਜਵਾਨ ਦਾ 5 ਤਾਰਾ ਹੋਟਲ ''ਚ ਕਤਲ

Saturday, Aug 24, 2019 - 03:02 PM (IST)

ਛੁੱਟੀਆਂ ''ਤੇ ਥਾਈਲੈਂਡ ਗਏ ਸਿੱਖ ਨੌਜਵਾਨ ਦਾ 5 ਤਾਰਾ ਹੋਟਲ ''ਚ ਕਤਲ

ਲੰਡਨ— ਥਾਈਲੈਂਡ 'ਚ ਇਕ ਬ੍ਰਿਟਿਸ਼ ਸਿੱਖ ਵਿਅਕਤੀ ਦੇ ਕਤਲ ਦੀ ਖਬਰ ਮਿਲੀ ਹੈ। ਮੀਡੀਆ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਕ ਹੋਟਲ 'ਚ 34 ਸਾਲਾ ਬ੍ਰਿਟਿਸ਼ ਸਿੱਖ ਦਾ ਸ਼ਰਾਬੀ ਨਾਰਵੇਜੀਅਨ ਵਿਅਕਤੀ ਨਾਲ ਝਗੜਾ ਹੋ ਗਿਆ ਤੇ ਦੋਸ਼ੀ ਨੇ ਸਿੱਖ ਵਿਅਕਤੀ ਦਾ ਗਲਾ ਦੱਬ ਕੇ ਕਤਲ ਕਰ ਦਿੱਤਾ।

ਬੀਬੀਸੀ ਮੁਤਾਬਕ ਅੰਮ੍ਰਿਤਪਾਲ ਸਿੰਘ ਬਜਾਜ, ਉਨ੍ਹਾਂ ਦੀ ਪਤਨੀ ਤੇ ਦੋ ਸਾਲਾ ਬੇਟਾ ਥਾਈਲੈਂਡ ਛੁੱਟੀਆਂ ਕੱਟਣ ਗਏ ਸਨ ਤੇ ਇਕ ਪੰਜ ਤਾਰਾ ਹੋਟਲ ਸੇਂਟਾਰਾ ਗ੍ਰੈਂਡ 'ਚ ਰੁਕੇ ਹੋਏ ਸਨ, ਜਿਥੇ ਰੋਜਰ ਬੁੱਲਮੈਨ (34) ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਬਜਾਜ ਦੀ ਪਤਨੀ ਬੰਦਨਾ ਕੌਰ ਬਜਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਨੂੰ ਬਜਾਜ ਨੇ ਬੁੱਲਮੈਨ ਨੂੰ ਰੌਲਾ ਘੱਟ ਕਰਨ ਲਈ ਕਿਹਾ ਕਿਉਂਕਿ ਉਸ ਦੀ ਪਤਨੀ ਤੇ ਬੇਟਾ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਇੰਨੇ ਨੂੰ ਦੋਸ਼ੀ ਉਨ੍ਹਾਂ ਦੇ ਕਮਰੇ 'ਚ ਬਿਨਾਂ ਕੱਪੜਿਆਂ ਦੇ ਦਾਖਲ ਹੋ ਗਿਆ ਤੇ ਉਨ੍ਹਾਂ ਦੇ ਪਤੀ ਨਾਲ ਝਗੜ ਪਿਆ। ਕੌਰ ਨੇ ਕਿਹਾ ਕਿ ਮੇਰੇ ਪਤੀ ਨੇ ਉਸ ਦਾ ਰਸਤਾ ਰੋਕ ਲਿਆ ਤੇ ਉਸ ਨੂੰ ਮੇਰੇ ਤੇ ਮੇਰੇ ਬੇਟੇ ਵੱਲ ਵਧਣ ਤੋਂ ਰੋਕ ਦਿੱਤਾ। ਦੋਸ਼ੀ ਨੇ ਮੇਰੇ ਪਤੀ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੇਰੇ ਪਤੀ ਨੇ ਮੈਨੂੰ, ਮੇਰੇ ਬੇਟੇ ਸਣੇ ਕਮਰੇ ਤੋਂ ਭੱਜਣ ਲਈ ਕਿਹਾ। ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਆਪਣੀ ਪਤਨੀ ਤੇ ਬੱਚੇ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। 

ਬੰਦਨਾ ਆਪਣੇ ਦੋ ਸਾਲਾ ਬੇਟੇ ਵੀਰ ਸਿੰਘ ਨੂੰ ਲੈ ਕੇ ਕਮਰੇ 'ਚੋਂ ਮਦਦ ਲਈ ਭੱਜੀ। ਇਸ ਤੋਂ ਬਾਅਦ ਉਹ ਹੋਟਲ ਦੀ ਰਿਸੈਪਸ਼ਨ 'ਤੇ ਗਈ ਤੇ ਉਸ ਨੇ ਉਨ੍ਹਾਂ ਨੂੰ ਮਦਦ ਲਈ ਕਿਹਾ। ਕੌਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਕੌਰ ਨੇ ਕਿਹਾ ਕਿ ਉਨ੍ਹਾਂ ਦੇ ਕੰਨਾਂ 'ਚ ਅਜੇ ਵੀ ਹਮਲਾਵਰ ਦੀਆਂ ਚੀਕਾਂ ਗੂੰਜਦੀਆਂ ਹਨ। ਘਟਨਾ ਤੋਂ ਬਾਅਦ ਬ੍ਰਿਟਿਸ਼ ਅਧਿਕਾਰੀਆਂ ਨੇ ਬਜਾਜ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੋਂ ਘਟਨਾ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ।

ਥਾਈਲੈਂਡ ਦੀਆਂ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਕ ਨਾਰਵੇਜੀਅਨ ਵਿਅਕਤੀ ਥਾਈਲੈਂਡ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਸਲਾਹਕਾਰ ਮੁਹੱਈਆ ਕਰਵਾਇਆ ਜਾ ਰਿਹੈ।


author

Baljit Singh

Content Editor

Related News