ਬ੍ਰਿਟੇਨ ''ਚ ਕੋਰੋਨਾ ਦੇ ਇਲਾਜ ਲਈ ਤਿਆਰ ਟੀਕੇ ਦੀ 10 ਹਜ਼ਾਰ ਤੋਂ ਵੱਧ ਲੋਕਾਂ ''ਤੇ ਪਰੀਖਣ ਦੀ ਤਿਆਰੀ

05/22/2020 6:13:33 PM

ਲੰਡਨ (ਭਾਸ਼ਾ): ਬ੍ਰਿਟਿਸ਼ ਵਿਗਿਆਨੀਆਂ ਵੱਲੋਂ ਕੋਰੋਨਾਵਾਇਰਸ ਦੇ ਇਲਾਜ ਲਈ ਤਿਆਰ ਪ੍ਰਯੋਗਾਤਮਕ ਟੀਕੇ ਦਾ ਪਰੀਖਣ ਅਗਲੇ ਪੜਾਅ ਵਿਚ ਪਹੁੰਚ ਰਿਹਾ ਹੈ। ਇਸ ਦੇ ਸਫਲ ਹੋਣ 'ਤੇ 10 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਕਸਫੋਰਡ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਪ੍ਰਯੋਗਾਤਮਕ ਟੀਕੇ ਦਾ ਪ੍ਰਭਾਵ ਅਤੇ ਸੁਰੱਖਿਆ ਦੀ ਜਾਂਚ ਕਰਨ ਦੇ ਲਈ 1,000 ਤੋਂ ਵਧੇਰੇ ਵਾਲੰਟੀਅਰਾਂ 'ਤੇ ਪਰੀਖਣ ਦੀ ਸ਼ੁਰੂਆਤ ਕੀਤੀ ਸੀ। ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਦੀ ਯੋਜਨਾ ਹੁਣ ਪੂਰੇ ਬ੍ਰਿਟੇਨ ਵਿਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ 10,260 ਲੋਕਾਂ 'ਤੇ ਇਸ ਟੀਕੇ ਦਾ ਪਰੀਖਣ ਕਰਨ ਦੀ ਹੈ।

ਆਕਸਫੋਰਡ ਯੂਨੀਵਰਸਿਟੀ ਵਿਚ ਟੀਕਾ ਵਿਕਸਿਤ ਕਰਨ ਦੇ ਕੰਮ ਵਿਚ ਲੱਗੀ ਟੀਮ ਦੀ ਅਗਵਾਈ ਕਰ ਰਹੇ ਐਂਡਰਿਊ ਪੋਲਾਰਡ ਨੇ ਕਿਹਾ,''ਮੈਡੀਕਲ ਅਧਿਐਨ ਬਹੁਤ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ ਅਤੇ ਅਸੀਂ ਬਜ਼ੁਰਗਾਂ 'ਤੇ ਵੀ ਇਸ ਟੀਕੇ ਦਾ ਪਰੀਖਣ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੀ ਟੀਕਾ ਪੂਰੀ ਆਬਾਦੀ ਨੂੰ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ।'' ਇਸ ਹਫਤੇ ਦੀ ਸ਼ੁਰੂਆਤ ਵਿਚ ਦਵਾਈ ਨਿਰਮਾਤਾ ਐਸਟਰਾਜੀਨਸ ਨੇ ਕਿਹਾ ਸੀ ਕਿ ਉਸ ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਟੀਕੇ ਦੀਆਂ 40 ਕਰੋੜ ਖੁਰਾਕਾਂ ਲਈ ਸਮਝੌਤਾ ਕੀਤਾ ਹੈ। ਟੀਕੇ  ਦੇ ਵਿਕਾਸ, ਉਤਪਾਦਨ ਅਤੇ ਵੰਡ ਦੇ ਲਈ ਅਮਰੀਕੀ ਸਰਕਾਰ ਦੀ ਏਜੰਸੀ ਨੇ ਇਕ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। 

ਕੋਰੋਨਾਵਾਇਰਸ ਦੇ ਇਲਾਜ ਲਈ ਕਰੀਬ ਇਕ ਦਰਜਨ ਸੰਭਾਵਿਤ ਟੀਕੇ ਮਨੁੱਖ 'ਤੇ ਪਰੀਖਣ ਸ਼ੁਰੂ ਕਰਨ ਦੇ ਲਈ ਸ਼ੁਰੂਆਤੀ ਪੜਾਅ ਵਿਚ ਪਹੁੰਚ ਗਏ ਹਨ ਜਾਂ ਸ਼ੁਰੂ ਹੋਣ ਵਾਲੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਚੀਨ, ਅਮਰੀਕਾ ਅਤੇ ਯੂਰਪ ਦੇ ਹਨ ਅਤੇ ਦਰਜਨਾਂ ਹੋਰ ਟੀਕੇ ਵਿਕਾਸ ਦੇ ਸ਼ੁਰੂਆਤੀ ਦੌਰ ਵਿਚ ਹਨ। ਹੁਣ ਤੱਕ ਵਿਗਿਆਨੀਆਂ ਨੇ ਇੰਨੇ ਘੱਟ ਸਮੇਂ ਵਿਚ ਕੋਈ ਟੀਕਾ ਵਿਕਸਿਤ ਨਹੀਂ ਕੀਤਾ ਅਤੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਆਖਿਰ ਕੀ ਇਹ ਟੀਕੇ ਸੁਰੱਖਿਅਤ ਅਤੇ ਪ੍ਰਭਾਵੀ ਸਾਬਤ ਹੋਣਗੇ। ਅਜਿਹੀ ਸੰਭਾਵਨਾ ਹੈ ਕਿ ਸ਼ੁਰੂਆਤ ਵਿਚ ਪ੍ਰਭਾਵੀ ਦਿਸਣ ਵਾਲਾ ਟੀਕਾ ਵੱਡੇ ਪੱਧਰ 'ਤੇ ਹੋਣ ਵਾਲੇ ਪਰੀਖਣ ਵਿਚ ਅਸਫਲ ਹੋ ਜਾਵੇ। ਇਸ ਲਈ ਇਹ ਬਹੁਤ ਮਹੱਤਵਪੂਰਣ ਹੈ। 

ਕਈ ਸੰਭਾਵਿਤ ਟੀਕਿਆਂ ਨੂੰ ਵੱਖ-ਵੱਖ ਤਕਨਾਲੌਜੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿਚੋਂ ਘੱਟੋ-ਘੱਟ ਇਕ ਦੇ ਸਫਲ ਹੋਣ ਦੀ ਆਸ ਵੱਧ ਜਾਂਦੀ ਹੈ। ਜ਼ਿਆਦਾਤਰ ਵਿਕਸਿਤ ਹੋ ਰਹੇ ਟੀਕਿਆਂ ਦੀ ਕੋਸ਼ਿਸ ਸਰੀਰ ਵਿਚ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨਾ ਹੈ ਤਾਂ ਜੋ ਨਵੇਂ ਕੋਰੋਨਾਵਾਇਰਸ ਦੀ ਸਤਹਿ 'ਤੇ ਮੌਜੂਦ ਪ੍ਰੋਟੀਨ ਦੀ ਸਰੀਰ ਪਛਾਣ ਕਰਕੇ ਵਾਸਤਵਿਕ ਇਨਫੈਕਸ਼ਨ ਹੋਣ ਤੋਂ ਪਹਿਲਾਂ ਹੀ ਉਸ ਨੂੰ ਨਸ਼ਟ ਕਰ ਦੇਵੇ। ਆਰਕਸਫੋਡ ਯੂਨੀਵਰਸਿਟੀ ਵੱਲੋਂ ਤਿਆਰ ਟੀਕੇ ਵਿਚ ਨੁਕਸਾਨ ਨਾ ਪਹੁੰਚਾਉਣ ਵਾਲੇ ਚਿੰਮਪੈਂਜੀ ਕੋਲਡ ਵਾਇਰਸ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਅਜਿਹੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਜੋ ਸਰੀਰ ਕੋਰੋਨਾ ਨਾਲ ਲੜਨ ਵਾਲੇ ਪ੍ਰੋਟੀਨ ਨਾਲ ਭਰਪੂਰ ਹੋ ਜਾਵੇ। ਚੀਨੀ ਕੰਪਨੀ ਵੀ ਇਸੇ ਤਕਨੀਕ 'ਤੇ ਟੀਕਾ ਵਿਕਸਿਤ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਜਾਪਾਨੀ ਡਾਕਟਰਾਂ ਨੇ ਨਵਜੰਮੇ ਬੱਚੇ 'ਚ ਲੀਵਰ ਸਟੈਮ ਸੈੱਲ ਦਾ ਕੀਤਾ ਸਫਲ ਟਰਾਂਸਪਲਾਂਟ

ਕੋਰੋਨਾਵਾਇਰਸ ਦੇ ਵਿਰੁੱਧ ਟੀਕਾ ਵਿਕਸਿਤ ਕਰਨ ਦੇ ਹੋਰ ਪ੍ਰਮੁੱਖ ਦਾਅਵੇਦਾਰਾਂ ਵਿਚ ਅਮਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੋਡੇਰਨਾ ਇੰਕ ਅਤੇ ਇਨਵਿਯੋ ਫਾਰਮਾਸੂਟੀਕਲ ਹੈ। ਦੋਹਾਂ ਟੀਕਿਆਂ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾਵਾਇਰਸ ਦੇ ਜੈਨੇਟਿਕਸ ਨੂੰ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇ ਤਾਂ ਜੋ ਉਹ ਖੁਦ ਪ੍ਰਤੀਰੋਧੀ ਪ੍ਰੋਟੀਨ (ਐਂਟੀਬੌਡੀ) ਵਿਕਸਿਤ ਕਰੇ ਜੋ ਪ੍ਰਤੀਰੋਧਕ ਸਮਰੱਥਾ ਲਈ ਜ਼ਰੂਰੀ ਹੈ। ਇਸ ਵਿਚ ਕੰਪਨੀਆਂ ਅਤੇ ਸਰਕਾਰਾਂ ਟੀਕਿਆਂ ਦਾ ਉਤਪਾਦਨ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ ਤਾਂ ਜੋ ਸਫਲ ਟੀਕੇ ਦੀਆਂ ਕਰੋੜਾਂ ਖੁਰਾਕਾਂ ਬਣਾਈਆਂ ਜਾ ਸਕਣ। ਮੰਨਿਆ ਜਾ ਰਿਹਾ ਹੈਕਿ ਕੰਪਨੀਆਂ ਅਤੇ ਸਰਕਾਰਾਂ ਦੇ ਲਈ ਇਹ ਜੂਏ ਦੀ ਤਰ੍ਹਾਂ ਹੈ। ਜੇਕਰ ਇਹ ਅਸਫਲ ਹੁੰਦਾ ਹੈ ਤਾਂ ਵੱਡੀ ਰਾਸ਼ੀ ਦੀ ਬਰਬਾਦੀ ਹੋਵੇਗੀ ਪਰ ਚੰਗੀ ਕਿਸਮਤ ਨਾਲ ਸਫਲ ਹੋ ਜਾਣ 'ਤੇ ਕੁਝ ਮਹੀਨਿਆਂ ਵਿਚ ਹੀ ਵੱਡੇ ਪੱਧਰ 'ਤੇ ਲੋਕਾਂ ਨੂੰ ਟੀਕੇ ਦੇਣ ਦੀ ਸ਼ੁਰੂਆਤ ਹੋ ਸਕਦੀ ਹੈ।
 


Vandana

Content Editor

Related News