ਬ੍ਰੈਗਜ਼ਿਟ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਥੈਰੇਸਾ ਮੇਅ ਨੇ ਪੱਤਰ ''ਤੇ ਕੀਤੇ ਦਸਤਖ਼ਤ

03/29/2017 12:33:24 PM

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੁੱਧਵਾਰ ਨੂੰ ਉਸ ਪੱਤਰ ''ਤੇ ਦਸਤਖ਼ਤ ਕੀਤੇ ਹਨ, ਜੋ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਪੱਤਰ ''ਚ ਯੂਰਪੀ ਸੰਘ (ਈ. ਯੂ.) ਦੇ ਹੋਰ 27 ਮੈਂਬਰਾਂ ਨੂੰ ਅਧਿਕਾਰਤ ਤੌਰ ''ਤੇ ਸੂਚਨਾ ਦਿੱਤੀ ਗਈ ਹੈ ਕਿ ਬ੍ਰਿਟੇਨ ਨੇ ਧਾਰਾ-50 ਨੂੰ ਲਾਗੂ ਕਰ ਦਿੱਤਾ ਹੈ। ਈ. ਯੂ. ''ਚ ਬ੍ਰਿਟੇਨ ਦੇ ਰਾਜਦੂਤ ਸਰ ਟਿਮ ਬੋਰੋ ਯੂਰਪੀ ਪਰੀਸ਼ਦ ਦੇ ਪ੍ਰਧਾਨ ਡੋਨਾਲਡ ਟਸਕ ਨੂੰ ਅੱਜ ਭਾਵ ਬੁੱਧਵਾਰ ਨੂੰ ਪੱਤਰ ਸੌਂਪਣਗੇ। ਇਸ ਦੇ ਨਾਲ ਹੀ ਗੈਰ-ਮੈਂਬਰ ਦੇ ਤੌਰ ''ਤੇ ਬ੍ਰਿਟੇਨ ਦੇ ਈ. ਯੂ. ਨਾਲ ਸੰਬੰਧਾਂ ''ਤੇ 2 ਸਾਲ ਦੀ ਗੱਲਬਾਤ ਪ੍ਰਕਿਰਿਆ ਦਾ ਮੰਚ ਤਿਆਰ ਹੋ ਗਿਆ ਹੈ। 
ਬ੍ਰਿਟੇਨ ਦੇ ਈ. ਯੂ. ਛੱਡਣ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੀ ਪੁਸ਼ਟੀ ਕਰਨ ਲਈ ਹਾਊਸ ਆਫ ਕਾਮਨਸ ''ਚ ਬਿਆਨ ਦੇਣ ਤੋਂ ਪਹਿਲਾਂ ਥੈਰੇਸਾ ਮੇਅ ਬੁੱਧਵਾਰ ਨੂੰ ਕੈਬਨਿਟ ਦੀ ਇਕ ਬੈਠਕ ਦੀ ਪ੍ਰਧਾਨਗੀ ਕਰੇਗੀ। ਉਹ ਗੱਲਬਾਤ ਦੌਰਾਨ ਬ੍ਰੈਗਜ਼ਿਟ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਈ. ਯੂ. ਨਾਗਰਿਕਾਂ ਸਮੇਤ ਪੂਰੇ ਬ੍ਰਿਟੇਨ ''ਚ ਹਰ ਵਿਅਕਤੀ ਦਾ ਪ੍ਰਤੀਨਿਧੀਤੱਵ ਕਰਨ ਦਾ ਵਾਅਦਾ ਕਰੇਗੀ। ਓਧਰ ਬ੍ਰਿਟੇਨ ਨੇ ਕਿਹਾ ਹੈ ਕਿ ਉਹ ਦੇਸ਼ ''ਚ ਰਹਿ ਰਹੇ ਈ. ਯੂ. ਨਾਗਰਿਕਾਂ ਅਤੇ ਵਿਦੇਸ਼ਾਂ ''ਚ ਰਹਿ ਰਹੇ ਬ੍ਰਿਟਿਸ਼ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਗਰੰਟੀ ਲਈ ਇਕ ''ਸ਼ੁਰੂਆਤੀ ਸਮਝੌਤਾ'' ਚਾਹੁੰਦਾ ਹੈ। ਦੱਸਣ ਯੋਗ ਹੈ ਕਿ ਬ੍ਰੈਗਜ਼ਿਟ ਦੇ ਸਮਰਥਨ ਵਿਚ ਜੂਨ 2016 ''ਚ ਇਕ ਰਾਇਸ਼ੁਮਾਰੀ ਕੀਤੀ ਗਈ ਸੀ।

Tanu

News Editor

Related News