ਬ੍ਰਿਟਿਸ਼ PM ਸੁਨਕ ਨੇ ਜਨਤਕ ਕੀਤੀ ਟੈਕਸ ਰਿਟਰਨ; 2019 ਤੋਂ ਹੁਣ ਤੱਕ 10 ਲੱਖ ਪੌਂਡ ਭਰਿਆ ਟੈਕਸ
Friday, Mar 24, 2023 - 02:01 AM (IST)
ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਟੈਕਸ ਰਿਟਰਨ ਜਨਤਕ ਕੀਤੀ ਹੈ, ਜਿਸ ਦੇ ਮੁਤਾਬਕ 2019 'ਚ ਸਰਗਰਮ ਸਿਆਸਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਨੂੰ 10 ਲੱਖ ਪੌਂਡ ਤੋਂ ਵੱਧ ਟੈਕਸ ਚੁਕਾਇਆ ਹੈ। ਸੁਨਕ ਨੇ ਪਿਛਲੇ ਸਾਲ ਨਵੰਬਰ 'ਚ ਸ਼ਾਸਨ ਵਿੱਚ ਪਾਰਦਰਸ਼ਿਤਾ ਦਾ ਵਾਅਦਾ ਕੀਤਾ ਸੀ, ਜਿਸ ਦੇ ਤਹਿਤ ਟੈਕਸ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ। ਬ੍ਰਿਟੇਨ ਦੇ ਸਭ ਤੋਂ ਅਮੀਰ ਰਾਜਨੇਵਾਵਾਂ 'ਚ ਸ਼ਾਮਲ ਸੁਨਕ ਨੇ ਬੁੱਧਵਾਰ ਨੂੰ ਜਨਤਾ ਕੀਤਾ ਕਿ 2019 ਤੋਂ 2022 ਦਰਮਿਆਨ ਉਨ੍ਹਾਂ ਦੀ ਆਮਦਨ 47.66 ਲੱਖ ਗ੍ਰੇਟ ਬ੍ਰਿਟੇਨ ਪੌਂਡ ਹੈ, ਜੋ ਲਗਭਗ 48.16 ਕਰੋੜ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ : ਇਜ਼ਰਾਈਲ ’ਚ ਵਿਰੋਧ ਪ੍ਰਦਰਸ਼ਨ ਜਾਰੀ, ਪ੍ਰਦਰਸ਼ਨਕਾਰੀ ਬੋਲੇ- ਨੇਤਨਯਾਹੂ ਨੂੰ ਬਚਾਉਣ ਲਈ ਬਣਾਇਆ ਕਾਨੂੰਨ
ਉਥੇ ਸੁਨਕ ਨੇ ਵਿੱਤ ਮੰਤਰੀ ਰਹਿੰਦਿਆਂ ਪੂੰਜੀ ਲਾਭ 'ਤੇ 3,25,826 GBP ਟੈਕਸ ਭਰਿਆ ਅਤੇ 1.9 ਮਿਲੀਅਨ GBP ਦੀ ਆਮਦਨ 'ਤੇ 1,20,604 GBP ਟੈਕਸ ਦਾ ਭੁਗਤਾਨ ਕੀਤਾ। ਬੁੱਧਵਾਰ ਨੂੰ ਨਾਰਥ ਵੇਲਜ਼ ਦੀ ਫੇਰੀ ਦੌਰਾਨ ਸੁਨਕ ਨੇ ਕਿਹਾ, ''ਮੈਂ ਆਪਣੀ ਟੈਕਸ ਜਾਣਕਾਰੀ ਨੂੰ ਪਾਰਦਰਸ਼ਿਤਾ ਦੇ ਹਿੱਤ 'ਚ ਜਨਤਕ ਕੀਤਾ ਹੈ, ਜਿਵੇਂ ਕਿ ਮੈਂ ਕਰਨ ਲਈ ਕਿਹਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹਾ ਕਰਨ ਦੇ ਯੋਗ ਸੀ। ਮੈਨੂੰ ਲੱਗਦਾ ਹੈ ਕਿ ਲੋਕ ਇਹ ਜਾਣਨ 'ਚ ਦਿਲਚਸਪੀ ਰੱਖਦੇ ਹਨ ਕਿ ਮੈਂ ਉਨ੍ਹਾਂ ਲਈ ਕੀ ਕਰਨ ਵਾਲਾ ਹਾਂ।"
ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਅਨੋਖਾ ਦਰੱਖ਼ਤ, ਜਿਸ ’ਤੇ ਲੱਗਦੇ ਹਨ ਸਿੱਕੇ, 1700 ਸਾਲ ਪੁਰਾਣਾ ਹੈ ਇਤਿਹਾਸ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੰਜ਼ਰਵੇਟਿਵ ਪਾਰਟੀ ਦੀ ਪ੍ਰੀਮੀਅਰਸ਼ਿਪ ਲਈ ਆਪਣੀ ਮੁਹਿੰਮ ਦੌਰਾਨ ਸੁਨਕ ਦੇ ਵਿੱਤੀ ਵੇਰਵਿਆਂ ਨੂੰ ਜਨਤਕ ਟੈਕਸ ਦੀ ਜਾਣਕਾਰੀ ਦੇਣ ਲਈ ਦਬਾਅ ਪਾਇਆ ਗਿਆ ਸੀ। ਉਸ ਚੋਣ ਵਿੱਚ ਸੁਨਕ ਨੂੰ ਲਿਜ਼ ਟਰਸ ਨੇ ਹਰਾਇਆ ਸੀ, ਹਾਲਾਂਕਿ ਟਰਸ ਨੂੰ ਜਲਦ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਅਤੇ ਸੁਨਕ ਨੇ ਉਨ੍ਹਾਂ ਦੀ ਥਾਂ ਲੈ ਲਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।