ਜੀ-20 ਦੀ ਪ੍ਰਧਾਨਗੀ ਲਈ ਭਾਰਤ ''ਸਹੀ ਸਮੇਂ'' ''ਤੇ ''ਸਹੀ ਦੇਸ਼'' : ਰਿਸ਼ੀ ਸੁਨਕ
Wednesday, Sep 06, 2023 - 06:55 PM (IST)
ਨਵੀਂ ਦਿੱਲੀ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੀ ਵਿਭਿੰਨਤਾ ਅਤੇ ਇਸ ਦੀਆਂ ਅਸਧਾਰਨ ਸਫਲਤਾਵਾਂ ਦਾ ਅਰਥ ਹੈ ਕਿ ਜੀ-20 ਦੀ ਪ੍ਰਧਾਨਗੀ ਕਰਨ ਲਈ ਇਹ 'ਸਹੀ ਸਮੇਂ' 'ਤੇ 'ਸਹੀ ਦੇਸ਼' ਹੈ। ਇਸਦੇ ਨਾਲ ਹੀ ਸੁਨਕ ਨੇ ਨਰਿੰਦਰ ਮੋਦੀ ਦੇ ਪਿਛਲੇ ਸਾਲ ਦੀ ਅਗਵਾਈ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਅਜਿਹੇ ਸਮੇਂ ਮਿਲੀ ਜਦੋਂ ਵਿਸ਼ਵ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਨੇ 9-10 ਸਤੰਬਰ ਨੂੰ ਇੱਥੇ ਆਯੋਜਿਤ ਜੀ-20 ਸ਼ਿਖਰ ਸੰਮੇਲਨ ਤੋਂ ਕੁਝ ਦਿਨ ਪਹਿਲਾਂ ਮੀਡੀਆ ਨੂੰ ਦਿੱਤੀ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਬ੍ਰਿਟੇਨ ਅਤੇ ਭਾਰਤ ਦੇ ਰਿਸ਼ਤੇ ਦੋਵਾਂ ਦੇਸ਼ਾਂ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਆਕਾਰ, ਵਿਭਿੰਨਤਾ ਅਤੇ ਇਸ ਦੀਆਂ ਅਸਧਾਰਨ ਪ੍ਰਾਪਤੀਆਂ ਦਾ ਮਤਲਬ ਹੈ ਕਿ ਇਹ ਜੀ-20 ਦੀ ਪ੍ਰਧਾਨਗੀ ਲਈ ਸਹੀ ਸਮੇਂ 'ਤੇ ਸਹੀ ਦੇਸ਼ ਹੈ। ਮੈਂ ਪਿਛਲੇ ਸਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਭਾਰਤ ਜਿਸ ਤਰ੍ਹਾਂ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ, ਉਸਨੂੰ ਦੇਖਣਾ ਬਹੁਤ ਸ਼ਾਨਦਾਰ ਹੈ।
ਪ੍ਰਧਾਨ ਮੰਤਰੀ ਸੁਨਕ ਨੇ ਮੀਡੀਆ ਦੇ ਸਵਾਲਾਂ ਦੇ ਇਕ ਈ-ਮੇਲ ਰਾਹੀਂ ਭੇਜੇ ਜਵਾਬ ਵਿਚ ਕਿਹਾ ਕਿ ਵਿਸ਼ਵ ਅਰਥਵਿਵਸਥਾ ਨੂੰ ਸਥਿਰ ਕਰਨ ਤੋਂ ਲੈ ਕੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਤੱਕ, ਅਸੀਂ ਵਿਸ਼ਵ ਦੀਆਂ ਮੌਜੂਦਾ ਪ੍ਰਮੁੱਖ ਚੁਣੌਤੀਆਂ ਨਾਲ ਨਜਿੱਠਣ ਲਈ ਜੀ-20 ਦੀ ਪ੍ਰਧਾਨਗੀ ਦੇ ਜ਼ਰੀਏ ਭਾਰਤ ਦੇ ਨਾਲ ਮਿਲ ਕੇ ਕੰਮ ਕਰਾਂਗੇ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯੂਕਰੇਨ 'ਤੇ ਰੂਸੀ ਹਮਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ 'ਤੇ ਹਮਲਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਤਾਂ ਇਸਦੇ ਪੂਰੀ ਦੁਨੀਆ ਲਈ ਘਾਤਕ ਨਤੀਜੇ ਹੋਣਗੇ। ਸੁਨਕ ਨੇ ਕਿਹਾ ਕਿ ਦੁਨੀਆ ਦੇ ਦੋ ਪ੍ਰਮੁੱਖ ਲੋਕਤੰਤਰ ਹੋਣ ਦੇ ਨਾਤੇ, ਸਾਡੇ ਲੋਕ ਸਾਨੂੰ ਪਰਿਭਾਸ਼ਿਤ ਕਰਦੇ ਹਨ ਅਤੇ ਸਾਨੂੰ ਦਿਸ਼ਾ ਦਿਖਾਉਂਦੇ ਹਨ। ਇਹੀ ਕਾਰਨ ਹੈ ਕਿ ਬ੍ਰਿਟੇਨ ਗੈਰ-ਕਾਨੂੰਨੀ ਅਤੇ ਬਿਨਾਂ ਭੜਕਾਹਟ ਦੇ ਰੂਸੀ ਹਮਲੇ ਦਾ ਮੁਕਾਬਲਾ ਕਰਨ ਲਈ ਯੂਕਰੇਨ ਦਾ ਸਮਰਥਨ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।