ਬ੍ਰਿਟਿਸ਼ ਭਾਰਤੀ ਮੰਤਰੀ Lisa Nandy ਨੇ ਨਿਯਮਾਂ ਦੀ ਉਲੰਘਣਾ ''ਤੇ ਮੰਗੀ ਮੁਆਫੀ; ਡੋਨਰ ਨੂੰ ਬਣਾਇਆ ਵਾਚਡੌਗ

Friday, Nov 07, 2025 - 05:00 PM (IST)

ਬ੍ਰਿਟਿਸ਼ ਭਾਰਤੀ ਮੰਤਰੀ Lisa Nandy ਨੇ ਨਿਯਮਾਂ ਦੀ ਉਲੰਘਣਾ ''ਤੇ ਮੰਗੀ ਮੁਆਫੀ; ਡੋਨਰ ਨੂੰ ਬਣਾਇਆ ਵਾਚਡੌਗ

ਲੰਡਨ : ਬ੍ਰਿਟਿਸ਼ ਭਾਰਤੀ ਮੰਤਰੀ ਅਤੇ ਯੂ.ਕੇ. ਦੀ ਸੱਭਿਆਚਾਰ, ਮੀਡੀਆ ਅਤੇ ਖੇਡਾਂ ਦੀ ਸਕੱਤਰ ਲੀਜ਼ਾ ਨੈਡੀ ਨੇ ਦੇਸ਼ ਦੇ ਜਨਤਕ ਨਿਯੁਕਤੀਆਂ ਦੇ ਨਿਯਮਾਂ ਦੀ "ਅਣਜਾਣੇ ਵਿੱਚ" ਉਲੰਘਣਾ ਕਰਨ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਕੇਰ ਸਟਾਰਮਰ ਤੋਂ ਸ਼ੁੱਕਰਵਾਰ ਨੂੰ ਮੁਆਫੀ ਮੰਗ ਲਈ ਹੈ। ਇਹ ਮਾਮਲਾ ਇੰਗਲੈਂਡ ਦੇ ਨਵੇਂ ਫੁੱਟਬਾਲ ਵਾਚਡੌਗ ਦੀ ਨਿਯੁਕਤੀ ਨਾਲ ਜੁੜਿਆ ਹੋਇਆ ਹੈ।

ਕੀ ਸੀ ਨਿਯਮਾਂ ਦੀ ਉਲੰਘਣਾ?
ਆਜ਼ਾਦ ਕਮਿਸ਼ਨਰ ਸਰ ਵਿਲੀਅਮ ਸ਼ਾਕਰਾਸ ਨੇ ਆਪਣੀ ਰਿਪੋਰਟ 'ਚ ਇਹ ਸਿੱਟਾ ਕੱਢਿਆ ਹੈ ਕਿ ਨੈਂਡੀ ਨੇ ਪਿਛਲੇ ਮਹੀਨੇ ਡੇਵਿਡ ਕੋਗਨ ਦੀ ਨਿਯੁਕਤੀ ਕਰਕੇ ਸ਼ਾਸਨ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਲੰਘਣਾ ਦਾ ਕਾਰਨ ਇਹ ਹੈ ਕਿ ਡੇਵਿਡ ਕੋਗਨ ਨੇ ਪੰਜ ਸਾਲ ਪਹਿਲਾਂ ਬ੍ਰਿਟਿਸ਼ ਭਾਰਤੀ ਮੰਤਰੀ ਦੀ ਲੇਬਰ ਲੀਡਰਸ਼ਿਪ ਮੁਹਿੰਮ ਨੂੰ ਕੁੱਲ 2,900 ਪੌਂਡ ਦੇ ਦੋ ਚੰਦੇ ਦਿੱਤੇ ਸਨ। ਕਮਿਸ਼ਨਰ ਨੇ ਪਾਇਆ ਕਿ ਨੈਂਡੀ ਨੇ "ਅਣਜਾਣੇ ਵਿੱਚ ਜ਼ਾਬਤੇ ਦੀ ਉਲੰਘਣਾ ਕੀਤੀ ਹੈ"।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੈਂਡੀ ਅਤੇ ਸੱਭਿਆਚਾਰ, ਮੀਡੀਆ ਅਤੇ ਖੇਡ ਵਿਭਾਗ (DCMS) ਨੇ ਜਨਤਕ ਨਿਯੁਕਤੀਆਂ ਬਾਰੇ ਸ਼ਾਸਨ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਨੇ ਕੋਗਨ ਦੇ 2020 ਦੀ ਮੁਹਿੰਮ ਵਿੱਚ ਦੋ ਵਾਰ ਚੰਦਾ ਦੇਣ ਦੀ ਘੋਸ਼ਣਾ ਤੁਰੰਤ ਨਹੀਂ ਕੀਤੀ ਅਤੇ ਨਾ ਹੀ ਨੈਂਡੀ ਨੇ ਉਸਦੀ ਇੰਟਰਵਿਊ ਦੌਰਾਨ ਇਸ ਬਾਰੇ ਚਰਚਾ ਕੀਤੀ।

ਨੈਂਡੀ ਅਤੇ ਸਟਾਰਮਰ ਦਾ ਜਵਾਬ
ਪ੍ਰਧਾਨ ਮੰਤਰੀ ਸਟਾਰਮਰ ਨੂੰ ਲਿਖੇ ਇੱਕ ਪੱਤਰ ਵਿੱਚ, ਨੈਂਡੀ ਨੇ ਕਿਹਾ ਕਿ ਜਿਵੇਂ ਹੀ ਉਸਨੂੰ "ਇਨ੍ਹਾਂ ਚੰਦਿਆਂ ਦੇ ਮੌਜੂਦ ਹੋਣ ਬਾਰੇ ਪਤਾ ਲੱਗਿਆ, ਉਸਨੇ ਤੁਰੰਤ ਉਨ੍ਹਾਂ ਦਾ ਐਲਾਨ ਕੀਤਾ" ਅਤੇ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਨੈਂਡੀ ਨੇ ਕਿਹਾ, “ਮੈਨੂੰ ਇਸ ਗਲਤੀ ਦਾ ਬਹੁਤ ਪਛਤਾਵਾ ਹੈ। ਮੈਂ ਸਮਝਦੀ ਹਾਂ ਕਿ ਇਸ ਨਾਲ ਇੱਕ ਧਾਰਨਾ ਪੈਦਾ ਹੋ ਸਕਦੀ ਹੈ, ਪਰ ਇਹ ਜਾਣਬੁੱਝ ਕੇ ਨਹੀਂ ਸੀ ਤੇ ਮੈਂ ਇਸਦੇ ਲਈ ਮੁਆਫੀ ਮੰਗਦੀ ਹਾਂ”।

ਕੇਰ ਸਟਾਰਮਰ ਨੇ ਨੈਂਡੀ ਦੀ ਮੁਆਫੀ ਨੂੰ ਸਵੀਕਾਰ ਕਰ ਲਿਆ ਅਤੇ ਇਹ ਸਿੱਟਾ ਕੱਢਿਆ ਕਿ ਉਸਨੇ "ਚੰਗੀ ਨੀਅਤ" ਨਾਲ ਕੰਮ ਕੀਤਾ ਹੈ। ਸਟਾਰਮਰ ਨੇ ਮੰਨਿਆ ਕਿ ਜਦੋਂ ਨੈਂਡੀ ਨੂੰ ਹਿੱਤਾਂ ਦੇ ਟਕਰਾਅ ਦੀ ਧਾਰਨਾ ਬਾਰੇ ਪਤਾ ਲੱਗਿਆ ਤਾਂ ਉਸਨੇ ਨਿਯੁਕਤੀ ਤੋਂ ਪਿੱਛੇ ਹਟਣ ਲਈ ਤੇਜ਼ੀ ਨਾਲ ਕੰਮ ਕੀਤਾ।

ਵਿਵਾਦ ਅਤੇ ਵਿਰੋਧੀ ਧਿਰ ਦੀ ਮੰਗ
ਹਾਲਾਂਕਿ, ਡੇਵਿਡ ਕੋਗਨ ਦੀ ਇੰਡੀਪੈਂਡੈਂਟ ਫੁੱਟਬਾਲ ਰੈਗੂਲੇਟਰ (IFR) ਦੇ ਮੁਖੀ ਵਜੋਂ ਨਿਯੁਕਤੀ ਅਜੇ ਵੀ ਪ੍ਰਭਾਵਿਤ ਨਹੀਂ ਹੋਈ ਹੈ। ਵਿਰੋਧੀ ਧਿਰ ਦੇ ਸੱਭਿਆਚਾਰ ਸਕੱਤਰ ਨਾਈਜੇਲ ਹਡਲਸਟਨ ਨੇ ਤੁਰੰਤ ਇਸ ਨਿਯੁਕਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਜੇਕਰ ਲੇਬਰ (ਪਾਰਟੀ) ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਲੈ ਕੇ ਗੰਭੀਰ ਹੈ, ਤਾਂ ਇਹ ਨਿਯੁਕਤੀ ਤੁਰੰਤ ਵਾਪਸ ਲਈ ਜਾਣੀ ਚਾਹੀਦੀ ਹੈ। ਇਸ ਤੋਂ ਘੱਟ ਕੁਝ ਵੀ ਉਨ੍ਹਾਂ ਮਿਆਰਾਂ ਨਾਲ ਧੋਖਾ ਹੋਵੇਗਾ ਜਿਨ੍ਹਾਂ ਨੂੰ ਲੇਬਰ ਕਾਇਮ ਰੱਖਣ ਦਾ ਦਾਅਵਾ ਕਰਦੀ ਹੈ”।


author

Baljit Singh

Content Editor

Related News