''''ਖਿੱਚ ਲਓ ਜੰਗ ਦੀ ਤਿਆਰੀ..!'''', ਬ੍ਰਿਟਿਸ਼ PM ਨੇ ਯੂਰਪੀ ਦੇਸ਼ਾਂ ਨੂੰ ਦੇ''ਤੀ Warning
Sunday, Feb 15, 2026 - 02:29 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਯੂਕ੍ਰੇਨ ਨਾਲ ਜੰਗ ਕਾਰਨ ਰੂਸ ਦਾ ਪੂਰੇ ਯੂਰਪ ਨਾਲ ਵੈਰ ਵਧਦਾ ਜਾ ਰਿਹਾ ਹੈ, ਉੱਥੇ ਹੀ ਇਸ ਵਧਦੇ ਜਾ ਰਹੇ ਤਣਾਅ ਵਿਚਾਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਇਕ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਦੌਰਾਨ ਯੂਰਪੀ ਦੇਸ਼ਾਂ ਨੂੰ ਅਮਰੀਕਾ 'ਤੇ 'ਬਹੁਤ ਜ਼ਿਆਦਾ ਨਿਰਭਰਤਾ' ਖ਼ਤਮ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ। ਸਟਾਰਮਰ ਨੇ ਸਾਫ਼ ਕੀਤਾ ਕਿ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਵਿੱਚ ਹੁਣ ਯੂਰਪ ਨੂੰ ਆਪਣੀ ਰੱਖਿਆ ਲਈ ਖੁਦਮੁਖਤਿਆਰੀ ਅਤੇ 'ਹਾਰਡ ਪਾਵਰ' (ਫੌਜੀ ਤਾਕਤ) ਦਾ ਰਾਹ ਚੁਣਨਾ ਪਵੇਗਾ।
ਸਟਾਰਮਰ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਅਮਰੀਕਾ ਇੱਕ ਲਾਜ਼ਮੀ ਸਹਿਯੋਗੀ ਹੈ, ਪਰ ਵਾਸ਼ਿੰਗਟਨ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਵਿੱਚ ਆ ਰਹੇ ਬਦਲਾਅ ਹੁਣ 'ਨਿਊ ਨਾਰਮਲ' ਹਨ। ਸਾਨੂੰ ਆਪਣੇ ਲੋਕਾਂ, ਆਪਣੀਆਂ ਕਦਰਾਂ-ਕੀਮਤਾਂ ਅਤੇ ਆਪਣੀ ਜੀਵਨ ਸ਼ੈਲੀ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਅਤੇ ਜੇਕਰ ਲੋੜ ਪਈ ਤਾਂ ਜੰਗ ਲੜਨ ਲਈ ਵੀ ਤਿਆਰ ਰਹਿਣਾ ਹੋਵੇਗਾ।"
ਇਹ ਵੀ ਪੜ੍ਹੋ- ਘਰੋਂ ਮੰਦਰ ਜਾਣ ਦਾ ਕਹਿ ਕੇ ਨਿਕਲੇ ਨੌਜਵਾਨ, ਰਸਤੇ 'ਚ ਹੀ ਨਿਗਲ਼ ਗਿਆ ਕਾਲ਼ ! 5 ਦੀ ਹੋਈ ਦਰਦਨਾਕ ਮੌਤ
ਯੂਰਪ ਨੂੰ ਫੌਜੀ ਸਮਰੱਥਾ ਦੇ ਲਿਹਾਜ਼ ਨਾਲ 'ਸਲੀਪਿੰਗ ਜਾਇੰਟ' ਦੱਸਦਿਆਂ ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ਾਂ ਦੀ ਸਾਂਝੀ ਆਰਥਿਕਤਾ ਰੂਸ ਨਾਲੋਂ 10 ਗੁਣਾ ਜ਼ਿਆਦਾ ਹੈ, ਪਰ ਫੌਜੀ ਤੌਰ 'ਤੇ ਅਸੀਂ ਵੱਖ-ਵੱਖ ਹੋਏ ਹਾਂ। ਉਨ੍ਹਾਂ ਇੱਕ 'ਵਧੇਰੇ ਯੂਰਪੀ ਨਾਟੋ' ਬਣਾਉਣ ਦਾ ਸੱਦਾ ਦਿੱਤਾ ਤਾਂ ਜੋ ਬਾਹਰੀ ਮਦਦ ਦੀ ਬਜਾਏ ਆਪਣੀ ਤਾਕਤ 'ਤੇ ਨਿਰਭਰ ਰਿਹਾ ਜਾ ਸਕੇ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਟਾਰਮਰ ਦੀ ਗੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਯੂਰਪ ਨੂੰ ਹੁਣ ਇੱਕ ਮਜ਼ਬੂਤ ਭੂ-ਰਾਜਨੀਤਿਕ ਸ਼ਕਤੀ ਵਜੋਂ ਉਭਰਨਾ ਪਵੇਗਾ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡੈਨਮਾਰਕ ਤੋਂ ਗ੍ਰੀਨਲੈਂਡ ਖਰੀਦਣ ਦੇ ਦਬਾਅ ਅਤੇ ਨਾਟੋ ਦੇਸ਼ਾਂ 'ਤੇ ਰੱਖਿਆ ਬਜਟ ਵਧਾਉਣ (ਜੀ.ਡੀ.ਪੀ. ਦਾ 5 ਫ਼ੀਸਦੀ) ਦੀਆਂ ਸ਼ਰਤਾਂ ਕਾਰਨ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ।
ਰੂਸ ਨੇ ਚਿਤਾਵਨੀ ਨੂੰ ਦੱਸਿਆ 'ਖ਼ੌਫ਼ ਪੈਦਾ ਕਰਨ ਵਾਲੀ'
ਦੂਜੇ ਪਾਸੇ, ਰੂਸ ਨੇ ਪੱਛਮੀ ਦੇਸ਼ਾਂ ਦੇ ਇਨ੍ਹਾਂ ਬਿਆਨਾਂ ਦੀ ਨਿੰਦਾ ਕੀਤੀ ਹੈ। ਮਾਸਕੋ ਨੇ ਕਿਹਾ ਕਿ ਯੂਰਪ ਵਿੱਚ ਫੌਜੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਰੂਸ ਦਾ ਕਿਸੇ ਵੀ ਦੇਸ਼ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
