ਬ੍ਰਿਟੇਨ ਅਗਲੇ 2 ਦਿਨਾਂ ’ਚ 1500 ਲੋਕਾਂ ਨੂੰ ਅਫਗਾਨਿਸਤਾਨ ’ਚੋਂ ਕੱਢੇਗਾ

Tuesday, Aug 17, 2021 - 11:59 AM (IST)

ਲੰਡਨ (ਭਾਸ਼ਾ): ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲੇਸ ਨੇ ਕਿਹਾ ਹੈ ਕਿ ਸਰਕਾਰ ਅਗਲੇ 2 ਦਿਨਾਂ ਵਿਚ ਅਫਗਾਨਿਸਤਾਨ ’ਚੋਂ 1500 ਹੋਰ ਲੋਕਾਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਨਾਗਰਿਕਾਂ ਨੂੰ ਲੈ ਕੇ ਪਹਿਲਾ ਜਹਾਜ਼ ਬ੍ਰਿਟੇਨ ਪਹੁੰਚ ਚੁੱਕਾ ਹੈ। ਵੱਖ-ਵੱਖ ਦੇਸ਼ ਆਪਣੇ ਡਿਪਲੋਮੈਟਾਂ, ਅਫਗਾਨ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਬੁਲ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਵੈਲੇਸ ਨੇ ਉਮੀਦ ਜ਼ਾਹਿਰ ਕੀਤੀ ਕਿ ਸਰਕਾਰ ਇਕ ਦਿਨ ਵਿਚ ਲਗਭਗ ਇਕ ਹਜ਼ਾਰ ਲੋਕਾਂ ਨੂੰ ਬਾਹਰ ਕੱਢ ਸਕੇਗੀ, ਜਿਸ ਵਿਚ ਬ੍ਰਿਟਿਸ਼ ਨਾਗਰਿਕਾਂ ਨੂੰ ਸਹਿਯੋਗ ਦੇਣ ਵਾਲੇ ਅਫਗਾਨੀ ਨਾਗਰਿਕ ਵੀ ਸ਼ਾਮਲ ਹਨ।

ਇਨ੍ਹਾਂ ਦੇਸ਼ਾਂ ਨੇ ਬੰਦ ਕੀਤੀਆਂ ਅੰਬੈਸੀਆਂ
ਅਫਗਾਨਿਸਤਾਨ ਵਿਚ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਦੱਖਣੀ ਕੋਰੀਆ ਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਆਪਣੀਆਂ ਅੰਬੈਸੀਆਂ ਬੰਦ ਕਰ ਦਿੱਤੀਆਂ ਹਨ ਅਤੇ ਡਿਪਲੋਮੈਟਾਂ ਨੂੰ ਵਾਪਸ ਕੱਢ ਰਹੇ ਹਨ। ਇਸੇ ਤਰ੍ਹਾਂ ਈਰਾਨ, ਚੀਨ, ਰੂਸ ਤੇ ਪਾਕਿਸਤਾਨ ਵਰਗੇ ਦੇਸ਼ਾਂ ਨੇ ਤਾਲਿਬਾਨ ਵਿਚ ਹੁਣ ਵੀ ਆਪਣੀਆਂ ਅੰਬੈਸੀਆਂ ’ਚ ਕੰਮ ਜਾਰੀ ਰੱਖਿਆ ਹੋਇਆ ਹੈ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ ਦਹਿਸ਼ਤ ਵਿਚਕਾਰ ਡੱਟ ਕੇ ਬੈਠੇ ਹਨ ਕਾਬੁਲ ਦੇ ਆਖਰੀ 'ਪੁਜਾਰੀ', ਕਹੀ ਇਹ ਗੱਲ

ਕਾਬੁਲ ’ਚ ਅੰਬੈਸੀ ’ਚੋਂ ਅਮਰੀਕਾ ਦਾ ਝੰਡਾ ਉਤਾਰਿਆ ਗਿਆ
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ’ਚੋਂ ਆਪਣੇ ਲੋਕਾਂ ਨੂੰ ਬਾਹਰ ਕੱਢਣ ਦੌਰਾਨ ਕਾਬੁਲ ਵਿਚ ਅਮਰੀਕੀ ਅੰਬੈਸੀ ’ਚੋਂ ਅਮਰੀਕੀ ਝੰਡਾ ਉਤਾਰ ਲਿਆ ਗਿਆ ਹੈ। ਅੰਬੈਸੀ ਦੇ ਸਾਰੇ ਅਧਿਕਾਰੀਆਂ ਨੂੰ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਾ ਦਿੱਤਾ ਗਿਆ ਹੈ ਜਿੱਥੇ ਹਜ਼ਾਰਾਂ ਅਮਰੀਕੀ ਤੇ ਹੋਰ ਲੋਕ ਜਹਾਜ਼ਾਂ ਦੀ ਉਡੀਕ ਕਰ ਰਹੇ ਹਨ। ਐਤਵਾਰ ਦੇਰ ਰਾਤ ਨੂੰ ਵਿਦੇਸ਼ ਮੰਤਰਾਲਾ ਤੇ ਪੈਂਟਾਗਨ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕਾਬੁਲ ਹਵਾਈ ਅੱਡੇ ’ਚੋਂ ਲੋਕਾਂ ਦੀ ਸੁਰੱਖਿਅਤ ਰਵਾਨਗੀ ਲਈ ਉਹ ਕਦਮ ਚੁੱਕ ਰਹੇ ਹਨ। ਅਗਲੇ 2 ਦਿਨਾਂ ਵਿਚ ਅਮਰੀਕਾ ਦੇ 6 ਹਜ਼ਾਰ ਸੁਰੱਖਿਆ ਕਰਮਚਾਰੀ ਉੱਥੇ ਮੌਜੂਦ ਹੋਣਗੇ।


Vandana

Content Editor

Related News