ਬ੍ਰਿਟੇਨ: PM ਸੁਨਕ ਨੂੰ ਝਟਕਾ, ਉਪ-ਚੋਣਾਂ 'ਚ ਪਾਰਟੀ ਦੋ ਸੀਟਾਂ 'ਤੇ ਹਾਰੀ, ਇੱਕ 'ਤੇ ਜਿੱਤ ਦਰਜ

Friday, Jul 21, 2023 - 03:13 PM (IST)

ਬ੍ਰਿਟੇਨ: PM ਸੁਨਕ ਨੂੰ ਝਟਕਾ, ਉਪ-ਚੋਣਾਂ 'ਚ ਪਾਰਟੀ ਦੋ ਸੀਟਾਂ 'ਤੇ ਹਾਰੀ, ਇੱਕ 'ਤੇ ਜਿੱਤ ਦਰਜ

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਤਿੰਨ ਸੀਟਾਂ 'ਤੇ ਹੋਈਆਂ ਉਪ ਚੋਣਾਂ ਵਿਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ। ਕੰਜ਼ਰਵੇਟਿਵ ਪਾਰਟੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਅਸਤੀਫੇ ਨਾਲ ਖਾਲੀ ਹੋਈਆਂ ਯੂਕਸਬ੍ਰਿਜ ਅਤੇ ਸਾਊਥ ਰੁਇਸਲਿਪ ਸੀਟਾਂ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਰਹੀ, ਪਰ ਦੋ ਹੋਰ ਸੀਟਾਂ 'ਤੇ ਉਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਹੋਈਆਂ ਉਪ ਚੋਣਾਂ ਨੂੰ ਅਰਥਵਿਵਸਥਾ ਨੂੰ ਸੰਭਾਲਣ ਦੇ ਮਾਮਲੇ ਵਿਚ ਸੁਨਕ ਦੇ ਪ੍ਰਦਰਸ਼ਨ ਅਤੇ ਅਗਲੇ ਸਾਲ ਦੇ ਦੂਜੇ ਅੱਧ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਨ ਦੀਆਂ ਸੰਭਾਵਨਾਵਾਂ 'ਤੇ ਇਕ ਰਿਪੋਰਟ ਕਾਰਡ ਵਜੋਂ ਦੇਖਿਆ ਜਾ ਰਿਹਾ ਸੀ। 

ਉਪ-ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸਟੀਵ ਟਕਵੇਲ ਨੇ ਯੂਕਸਬ੍ਰਿਜ ਅਤੇ ਸਾਊਥ ਰੁਇਸਲਿਪ ਨੂੰ ਥੋੜ੍ਹੇ ਫਰਕ ਨਾਲ ਜਿੱਤ ਲਿਆ। ਇਹ ਸੀਟ ਕੋਵਿਡ-19 ਨੂੰ ਰੋਕਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ 10 ਡਾਊਨਿੰਗ ਸਟ੍ਰੀਟ (ਯੂ.ਕੇ. ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼) 'ਤੇ ਪਾਰਟੀਆਂ ਆਯੋਜਿਤ ਕਰਨ ਦੀ ਜਾਂਚ ਦਾ ਸਾਹਮਣਾ ਕਰਨ ਤੋਂ ਬਾਅਦ ਜਾਨਸਨ ਵੱਲੋਂ ਪਿਛਲੇ ਮਹੀਨੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ। ਸੇਲਬੀ ਅਤੇ ਆਇੰਸਟੇ ਵਿੱਚ ਹੋਈਆਂ ਉਪ ਚੋਣਾਂ ਵਿੱਚ ਵਿਰੋਧੀ ਲੇਬਰ ਪਾਰਟੀ ਨੇ 20,000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ। ਜਾਨਸਨ ਦੇ ਕਰੀਬੀ ਨਾਈਜੇਲ ਐਡਮਜ਼ ਦੇ ਅਸਤੀਫ਼ਾ ਦੇਣ ਕਾਰਨ ਇਸ ਸੀਟ 'ਤੇ ਉਪ-ਚੋਣ ਕਰਾਉਣੀ ਜ਼ਰੂਰੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਗੁਟਕਾ ਸਾਹਿਬ ਦੀ ਬੇਅਦਬੀ, ਅੱਗ ਲਗਾ ਕੇ ਘਰ ਦੇ ਬਾਹਰ ਸੁੱਟਿਆ, ਪੁਲਸ ਜਾਂਚ ਸ਼ੁਰੂ

ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਕਿਹਾ ਕਿ “ਇਹ ਇੱਕ ਇਤਿਹਾਸਕ ਜਿੱਤ ਹੈ, ਜੋ ਦਰਸਾਉਂਦੀ ਹੈ ਕਿ ਲੋਕ ਲੀਡਰਸ਼ਿਪ ਲਈ ਲੇਬਰ ਪਾਰਟੀ ਵੱਲ ਦੇਖ ਰਹੇ ਹਨ। ਉਹ ਲੇਬਰ ਪਾਰਟੀ ਨੂੰ ਇੱਕ ਬਦਲੀ ਹੋਈ ਪਾਰਟੀ ਦੇ ਰੂਪ ਵਿੱਚ ਦੇਖਦੇ ਹਨ ਜੋ ਕਿ ਅਮਲੀ ਕਾਰਜ ਯੋਜਨਾ ਦੇ ਨਾਲ ਮਿਹਨਤਕਸ਼ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ 'ਤੇ ਕੇਂਦਰਿਤ ਹੈ। ਸੇਲਬੀ ਅਤੇ ਆਇੰਸਟੇ ਵਿਚ ਲੇਬਰ ਦੀ ਜਿੱਤ ਨਾਲ 25 ਸਾਲਾ ਕੀਰ ਮੈਥਰ ਬ੍ਰਿਟਿਸ਼ ਸੰਸਦ ਦੇ ਸਭ ਤੋਂ ਨੌਜਵਾਨ ਮੈਂਬਰ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਨਾਟਿੰਘਮ ਈਸਟ ਤੋਂ ਭਾਰਤੀ ਮੂਲ ਦੀ ਲੇਬਰ ਐਮਪੀ ਨਾਦੀਆ (26) ਦੇ ਨਾਂ ਦਰਜ ਸੀ। 
ਕੰਜ਼ਰਵੇਟਿਵ ਪਾਰਟੀ ਨੂੰ ਸਮਰਸੈੱਟ ਅਤੇ ਫਰੋਮ ਸੀਟ ਉਪ-ਚੋਣਾਂ ਵਿੱਚ ਦੂਜਾ ਝਟਕਾ ਲੱਗਾ, ਜਿੱਥੇ ਲਿਬਰਲ ਡੈਮੋਕਰੇਟ ਪਾਰਟੀ ਦੀ ਉਮੀਦਵਾਰ ਸਾਰਾਹ ਡਾਈਕ 11,000 ਤੋਂ ਵੱਧ ਵੋਟਾਂ ਨਾਲ ਜਿੱਤ ਗਈ। ਡਾਇਕ ਨੂੰ ਕੁੱਲ 21,187 ਵੋਟਾਂ ਮਿਲੀਆਂ, ਜਦਕਿ ਕੰਜ਼ਰਵੇਟਿਵ ਉਮੀਦਵਾਰ ਫੇ ਬੁਰਬ੍ਰਿਕ ਨੂੰ 10,179 ਵੋਟਾਂ ਨਾਲ ਸਬਰ ਕਰਨਾ ਪਿਆ। ਸਮਰਸੈੱਟ ਅਤੇ ਫਰੋਮ ਲਈ ਕੰਜ਼ਰਵੇਟਿਵ ਸੰਸਦ ਮੈਂਬਰ ਡੇਵਿਡ ਵਾਰਬਰਟਨ ਦੇ ਅਸਤੀਫੇ ਕਾਰਨ ਉਪ-ਚੋਣ ਜ਼ਰੂਰੀ ਹੋ ਗਈ ਸੀ।ਵਾਰਬਰਟਨ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਤੋਂ ਬਾਅਦ ਸੰਸਦ ਤੋਂ ਅਸਤੀਫਾ ਦੇ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News