ਬ੍ਰਿਟੇਨ : ਪੰਜਾਬੀ ਵਿਅਕਤੀ ਨੂੰ 15 ਸਾਲ ਦੀ ਸਜ਼ਾ, ਚਾਕੂ ਵਿਖਾ ਕੀਤਾ ਸੀ ਜਬਰ ਜਨਾਹ

Sunday, Nov 03, 2019 - 07:32 PM (IST)

ਬ੍ਰਿਟੇਨ : ਪੰਜਾਬੀ ਵਿਅਕਤੀ ਨੂੰ 15 ਸਾਲ ਦੀ ਸਜ਼ਾ, ਚਾਕੂ ਵਿਖਾ ਕੀਤਾ ਸੀ ਜਬਰ ਜਨਾਹ

ਲੰਡਨ (ਭਾਸ਼ਾ)- ਬ੍ਰਿਟੇਨ ਦੀ ਇਕ ਅਦਾਲਤ ਨੇ ਦੱਖਣੀ-ਪੂਰਬੀ ਇੰਗਲੈਂਡ ਵਿਚ ਚਾਕੂ ਦੀ ਨੋਕ 'ਤੇ ਇਕ ਮਹਿਲਾ ਨਾਲ ਜਬਰ ਜਨਾਹ ਅਤੇ ਲੁੱਟ ਲਈ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਆਈਸਲੇਵਥ ਕ੍ਰਾਊਨ ਅਦਾਲਤ ਨੇ ਦਿਲਜੀਤ ਗ੍ਰੇਵਾਲ ਨੂੰ ਜਬਰ ਜਨਾਹ, ਸਰੀਰਕ ਸ਼ੋਸ਼ਣ ਅਤੇ ਚੋਰੀ ਦਾ ਦੋਸ਼ੀ ਕਰਾਰ ਦਿੱਤਾ ਅਤੇ ਸ਼ੁੱਕਰਵਾਰ ਨੂੰ ਉਸ ਨੂੰ 15 ਸਾਲ ਲਈ ਜੇਲ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਕਰਨ ਤੋਂ ਬਾਅਦ ਪੰਜ ਸਾਲ ਤੱਕ ਉਸ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾਵੇਗੀ। ਅਦਾਲਤ ਵਿਚ ਇਹ ਦੱਸਿਆ ਗਿਆ ਕਿ ਕਿਵੇਂ ਗ੍ਰੇਵਾਲ (28) ਨੇ ਇਸ ਸਾਲ 30 ਸਾਲਾ ਔਰਤ ਦੇ ਹਿਲਿਗੰਡਨ ਸਥਿਤ ਘਰ ਦਾਖਲ ਹੋ ਕੇ ਔਰਤ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਗ੍ਰੇਵਾਲ ਲਗਾਤਾਰ ਢਾਈ ਘੰਟਿਆਂ ਤੱਕ ਔਰਤ ਨਾਲ ਕੁੱਟਮਾਰ ਕਰਦਾ ਰਿਹਾ ਅਤੇ ਫਿਰ ਉਸ ਦਾ ਫੋਨ ਵੀ ਚੋਰੀ ਕਰ ਲਿਆ ਮਗਰੋਂ ਉਸ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ। ਔਰਤ ਨੇ ਜਦੋਂ ਉਸ ਨੂੰ ਰੁਪਏ ਦੇ ਦਿੱਤੇ ਇਸ ਦੇ ਬਾਵਜੂਦ ਗ੍ਰੇਵਾਲ ਹੋਰ ਪੈਸਿਆਂ ਦੀ ਮੰਗ ਕਰਦਾ ਰਿਹਾ ਅਤੇ ਉਸ ਦੇ ਘਰ ਦੀ ਫਰੋਲਾ-ਫਰਾਲੀ ਕਰਦਾ ਰਿਹਾ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਗ੍ਰੇਵਾਲ ਦੇ ਜਾਣ ਮਗਰੋਂ ਔਰਤ ਨੇ ਬ੍ਰਿਟੇਨ ਤੋਂ ਬਾਹਰ ਰਹਿੰਦੇ ਆਪਣੇ ਦੋਸਤ ਨੂੰ ਫੋਨ 'ਤੇ ਆਪਣੀ ਆਪਬੀਤੀ ਦੱਸੀ। ਜਿਸ ਨੇ ਤੁਰੰਤ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਇਸ ਮਗਰੋਂ ਪੁਲਸ ਨੇ ਮੁਲਜ਼ਮ ਗ੍ਰੇਵਾਲ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਮਾਰਕ ਪਾਲਮੇਰ ਨੇ ਕਿਹਾ ਕਿ ਮੈਨੂੰ ਇਹ ਵੀ ਉਮੀਦ ਹੈ ਕਿ ਇਹ ਸਰੀਰਕ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਅੱਗੇ ਆਉਣ ਲਈ ਹੱਲਾਸ਼ੇਰੀ ਦੇਵੇਗੀ। ਨਾਲ ਹੀ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਏਗਾ ਕਿ ਅਧਿਕਾਰੀ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ।


author

Sunny Mehra

Content Editor

Related News