ਸ਼ਾਹੀ ਪਰਿਵਾਰ ਹੈਰੀ ਤੇ ਮੇਗਨ ਦੀ ਬ੍ਰਿਟੇਨ ਵਾਪਸੀ ਦੀ ਕੋਸ਼ਿਸ਼ 'ਚ ਜੁਟਿਆ

01/28/2020 1:01:17 PM

ਲੰਡਨ (ਬਿਊਰੋ): ਬ੍ਰਿਟੇਨ ਦਾ ਸ਼ਾਹੀ ਪਰਿਵਾਰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਜਾਣ ਨਾਲ ਕਾਫੀ ਨਿਰਾਸ਼ ਅਤੇ ਚਿੰਤਤ ਹੈ। ਅਸਲ ਵਿਚ ਸ਼ਾਹੀ ਪਰਿਵਾਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਹੈ। ਸੰਡੇ ਟਾਈਮਜ਼ ਵਿਚ ਛਪੀਆਂ ਖਬਰਾਂ ਦੇ ਮੁਤਾਬਕ ਹੁਣ ਸ਼ਾਹੀ ਪਰਿਵਾਰ ਦੇ ਮੈਂਬਰ ਹੈਰੀ ਅਤੇ ਮੇਗਨ ਨੂੰ ਮਨਾਉਣ ਦੀ ਤਿਆਰੀ ਵਿਚ ਜੁਟੇ ਹੋਏ ਹਨ। ਸੀਨੀਅਰ ਮੈਂਬਰ ਹੈਰੀ ਅਤੇ ਮੇਗਨ ਨੂੰ ਸ਼ਾਹੀ ਫਰਜ਼ਾਂ ਨੂੰ ਨਿਭਾਏ ਬਿਨਾਂ ਬ੍ਰਿਟੇਨ ਪਰਤਣ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਹੈਰੀ ਅਤੇ ਮੇਗਨ ਨੇ ਘਰ ਦੇ ਬਾਹਰ ਮੀਡੀਆ ਦੀ ਭੀੜ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਮੇਗਨ ਐਤਵਾਰ ਨੂੰ ਆਪਣੇ ਬੇਟੇ ਚਾਰਲਸ ਅਤੇ ਦੋ ਪਾਲਤੂ ਕੁੱਤਿਆਂ ਦੇ ਨਾਲ ਟਹਿਲ ਰਹੀ ਸੀ ਜਦੋਂ ਕੁਝ ਫੋਟੋਗ੍ਰਾਫਰਾਂ ਨੇ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਸਨ। 

ਸ਼ਾਹੀ ਪਰਿਵਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿੰਸ ਚਾਰਲਸ ਅਤੇ ਪ੍ਰਿੰਸ ਵਿਲੀਅਮ ਡਿਊਕ ਅਤੇ ਡਚੇਸ ਆਫ ਸਸੈਕਸ ਦੇ ਨਾਲ ਸੰਪਰਕ ਕਰ ਸਕਦੇ ਹਨ। ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੂੰ ਇਹ ਭਰੋਸਾ ਦੇਣਗੇ ਕਿ ਸ਼ਾਹੀ ਅਹੁਦਾ ਛੱਡਣ ਦੇ ਬਾਅਦ ਵੀ ਉਹ ਪੂਰਾ ਸਮਾਂ ਬ੍ਰਿਟੇਨ ਵਿਚ ਬਿਤਾ ਸਕਦੇ ਹਨ। ਬ੍ਰਿਟੇਨ ਵਿਚ ਰਹਿਣ ਲਈ ਹੁਣ ਉਹਨਾਂ ਨੂੰ ਅਧਿਕਾਰਤ ਤੌਰ 'ਤੇ ਸ਼ਾਹੀ ਫਰਜ਼ਾਂ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੈ।

ਸ਼ਾਹੀ ਮਹਿਲ ਨਾਲ ਜੁੜੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਪੈਲੇਸ ਸਸੈਕਸ ਨੂੰ ਲੈ ਕੇ ਕਾਫੀ ਚਿੰਤਤ ਸੀ। ਸੂਤਰ ਦੇ ਮੁਤਾਬਕ,''ਹੈਰੀ ਅਤੇ ਮੇਗਨ ਪਰਿਵਾਰ ਤੋਂ ਬਾਹਰ ਕਾਫੀ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ। ਪੈਲੇਸ ਇਸ ਲਈ ਵੀ ਤਿਆਰੀ ਕਰ ਰਿਹਾ ਹੈ ਕਿ ਹੈਰੀ ਅਤੇ ਮੇਗਨ ਇਕ ਦਿਨ ਅਚਾਨਕ ਵਾਪਸ ਆ ਜਾਣ ਅਤੇ ਰਹਿਣ ਲਈ ਇਜਾਜ਼ਤ ਮੰਗਣ।'' ਅਸਲ ਵਿਚ ਡਿਊਕ ਅਤੇ ਡਚੇਸ ਨੇ ਲਗਾਤਾਰ ਪਿੱਛਾ ਕਰ ਰਹੇ ਫੋਟੋਗ੍ਰਾਫਰਾਂ ਤੋਂ ਪਰੇਸ਼ਾਨ ਹੋ ਕੇ ਚਿਤਾਵਨੀ ਜਾਰੀ ਕੀਤੀ ਹੈ। ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਲੈਣ ਲਈ ਵੱਡੀ ਗਿਣਤੀ ਵਿਚ ਫੋਟੋਗ੍ਰਾਫਰ ਜੁਟੇ ਹੋਏ ਹਨ। ਫੋਟੋਗ੍ਰਾਫਰ ਇਸ ਲਈ ਲੰਬੀ ਦੂਰੀ ਵਾਲੇ ਲੈਂਸਾਂ ਦੀ ਵਰਤੋ ਕਰ ਰਹੇ ਹਨ। ਜੋੜੇ ਦੇ ਵਕੀਲ ਨੇ ਵੀ ਦਾਅਵਾ ਕੀਤਾ ਹੈ ਕਿ ਬਿਨਾਂ ਇਜਾਜ਼ਤ ਦੇ ਉਹਨਾਂ ਦੀਆਂ ਤਸਵੀਰਾਂ ਲਈਆਂ ਗਈਆਂ।
 


Vandana

Content Editor

Related News