ਬ੍ਰਿਟੇਨ ਤੇ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਚੀਨ ''ਚੋਂ ਜਲਦੀ ਨਿਕਲਣ ਲਈ ਕਿਹਾ

Wednesday, Feb 05, 2020 - 01:12 PM (IST)

ਬ੍ਰਿਟੇਨ ਤੇ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਚੀਨ ''ਚੋਂ ਜਲਦੀ ਨਿਕਲਣ ਲਈ ਕਿਹਾ

ਲੰਡਨ— ਬ੍ਰਿਟੇਨ ਨੇ ਵੀ ਚੀਨ 'ਚ ਮੌਜੂਦ ਆਪਣੇ ਨਾਗਰਿਕਾਂ ਨੂੰ ਮੰਗਲਵਾਰ ਨੂੰ ਅਪੀਲ ਕੀਤੀ ਕਿ ਉਹ ਜਿੰਨੀ ਜਲਦੀ ਸੰਭਵ ਹੋਵੇ, ਉੱਥੋਂ ਵਾਪਸ ਆ ਜਾਣ। ਉੱਥੇ ਦੂਜੇ ਪਾਸੇ ਯੂਰਪੀ ਦੇਸ਼ ਬੈਲਜੀਅਮ 'ਚ ਕੋਰੋਨਾ ਵਾਇਰਸ ਕਾਰਨ ਪਹਿਲੇ ਮਾਮਲੇ ਦੀ ਪੁਸ਼ਟੀ ਹੋ ਗਈ ਹੈ। ਬ੍ਰਿਟਿਸ਼ ਵਿਦੇਸ਼ ਮੰਤਰਾਲੇ ਨੇ ਨਵੇਂ ਸਿਰੇ ਤੋਂ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਕਿ ਹਾਲਾਂਕਿ ਅਜੇ ਚੀਨ ਦੇ ਜ਼ਿਆਦਾਤਰ ਹਿੱਸਿਆਂ ਤੋਂ ਉਡਾਣਾਂ ਉਪਲਬਧ ਹਨ ਪਰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੀਨ ਵਲੋਂ ਲਾਗੂ ਯਾਤਰਾ ਰੋਕ ਦੇ ਮੱਦੇਨਜ਼ਰ ਦਿਨ-ਬ-ਦਿਨ ਉੱਥੋਂ ਨਿਕਲਣਾ ਮੁਸ਼ਕਲ ਹੁੰਦਾ ਜਾਵੇਗਾ।

ਐਡਵਾਇਜ਼ਰੀ 'ਚ ਕਿਹਾ ਗਿਆ ਹੈ,''ਜੇਕਰ ਤੁਸੀਂ ਚੀਨ 'ਚ ਹੋ ਅਤੇ ਉੱਥੋਂ ਨਿਕਲ ਸਕਦੇ ਹੋ ਤਾਂ ਤੁਰੰਤ ਨਿਕਲੋ।'' ਫਰਾਂਸ ਨੇ ਵੀ ਐਡਵਾਇਜ਼ਰੀ ਜਾਰੀ ਕਰਕੇ ਨਾਗਰਿਕਾਂ ਨੂੰ ਕਿਹਾ ਕਿ ਉਹ ਬਿਨਾ ਕਿਸੇ ਮਹੱਤਵਪੂਰਣ ਕੰਮ ਦੇ ਚੀਨ ਨਾ ਜਾਣ ਅਤੇ ਉੱਥੋਂ ਜਲਦੀ ਆ ਜਾਣ। ਚੀਨ 'ਚ ਹੁਣ ਤਕ ਕੋਰੋਨਾ ਵਾਇਰਸ ਕਾਰਨ 490 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਹਫਤੇ ਦੇ ਅਖੀਰ 'ਚ ਵੂਹਾਨ ਤੋਂ ਵਾਪਸ ਆਏ ਬੈਲਜੀਅਮ ਦੇ 9 ਨਾਗਰਿਕਾਂ 'ਚੋਂ ਇਕ ਦੇ ਕੋਰੋਨਾ ਵਾਇਰਸ ਨਾਲ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।


Related News