ਬ੍ਰਿਟੇਨ ਦੇ ਹੇਠਲੇ ਸਦਨ ਦੇ ਸਪੀਕਰ ਹੋਇਲ ਨੂੰ ਪਸੰਦ ਆਇਆ ਭਾਰਤ ਦਾ AI ਮਾਡਲ
Wednesday, Jan 29, 2025 - 02:42 PM (IST)
ਲੰਡਨ (ਏਜੰਸੀ)- ਬ੍ਰਿਟੇਨ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਜ਼' ਦੇ ਸਪੀਕਰ ਲਿੰਡਸੇ ਹੋਇਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਆਪਣੀਆਂ ਸੰਸਦੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨੂੰ ਲੈ ਕੇ ਭਾਰਤ ਦੀ ਬੇਮਿਸਾਲ ਤਰੱਕੀ ਤੋਂ ਲਾਭ ਲੈ ਸਕਦਾ ਹੈ। ਹੋਇਲ ਨੇ ਇਹ ਗੱਲ ਲੰਡਨ ਦੇ ਇਤਿਹਾਸਕ ਗਿਲਡਹਾਲ ਵਿਖੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਹੋਇਲ ਮੰਗਲਵਾਰ ਸ਼ਾਮ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਆਯੋਜਿਤ ਸਾਲਾਨਾ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਲੋਕ ਸਭਾ ਸਪੀਕਰ ਓਮ ਬਿਰਲਾ ਦੇ ਹਾਲ ਹੀ ਵਿੱਚ ਯੂਕੇ ਦੌਰੇ ਦਾ ਹਵਾਲਾ ਦਿੰਦੇ ਹੋਏ ਹੋਇਲ ਨੇ ਕਿਹਾ, "(ਬਿਰਲਾ ਦਾ) ਇਹ ਦੌਰਾ ਸਾਡੇ ਲਈ ਅੱਖਾਂ ਖੋਲ੍ਹਣ ਵਾਲਾ ਸੀ, ਖਾਸ ਕਰਕੇ ਉਦੋਂ ਜਦੋਂ ਅਸੀਂ ਸੁਣਿਆ ਕਿ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਿੱਚ ਮੋਹਰੀ ਹੈ। ਇਹ ਜਾਣ ਕੇ ਹੈਰਾਨੀ ਹੋਈ ਕਿ ਤੁਹਾਡੀ ਸੰਸਦ ਵਿੱਚ AI ਇੱਕੋ ਸਮੇਂ 22 ਭਾਸ਼ਾਵਾਂ ਦਾ ਅਨੁਵਾਦ ਕਰਦਾ ਹੈ। ਜਿਵੇਂ ਕਿ ਮੈਂ ਤੁਹਾਡੇ ਮਾਨਯੋਗ ਸਪੀਕਰ ਨੂੰ ਕਿਹਾ ਸੀ, ਅਸੀਂ ਇਹ ਜਾਣਨ ਲਈ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ ਕਿ AI ਸਾਡੀਆਂ ਸੰਸਦੀ ਪ੍ਰਕਿਰਿਆਵਾਂ ਨੂੰ ਕਿਵੇਂ ਬਿਹਤਰ ਬਣਾ ਸਕਦਾ ਹੈ।' ਲੰਕਾਸ਼ਾਇਰ ਦੇ ਚੌਰਲੇ ਤੋਂ ਸੰਸਦ ਮੈਂਬਰ ਨੇ ਆਪਣੇ ਹਲਕੇ ਅਤੇ ਭਾਰਤ ਵਿਚਕਾਰ ਇਤਿਹਾਸਕ ਸਬੰਧਾਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਮਹਾਤਮਾ ਗਾਂਧੀ 1931 ਵਿੱਚ ਇਸ ਖੇਤਰ ਦੀਆਂ ਟੈਕਸਟਾਈਲ ਫੈਕਟਰੀਆਂ ਵਿਚ ਆਏ ਸਨ।