ਡਿਏਗੋ ਗਾਰਸੀਆ ''ਤੇ ਇਰਾਨ ਵੱਲੋਂ ਹੋਏ ਮਿਜ਼ਾਈਲ ਹਮਲੇ ਦੀ ਬ੍ਰਿਟੇਨ ਨੇ ਕੀਤੀ ਨਿੰਦਾ
Saturday, Mar 21, 2026 - 05:36 PM (IST)
ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਦੀ ਜੰਗ ਹੁਣ ਹਿੰਦ ਮਹਾਂਸਾਗਰ ਤੱਕ ਫੈਲ ਗਈ ਹੈ। ਇਰਾਨ ਨੇ ਪਹਿਲੀ ਵਾਰ ਆਪਣੇ ਖੇਤਰ ਤੋਂ ਲਗਭਗ 4,000 ਕਿਲੋਮੀਟਰ ਦੂਰ ਸਥਿਤ ਅਮਰੀਕੀ ਅਤੇ ਬ੍ਰਿਟਿਸ਼ ਫ਼ੌਜੀ ਅੱਡੇ ਡਿਏਗੋ ਗਾਰਸੀਆ 'ਤੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗ ਕੇ ਦੁਨੀਆ ਨੂੰ ਆਪਣੀ ਵਧਦੀ ਮਿਜ਼ਾਈਲ ਤਾਕਤ ਦਾ ਅਹਿਸਾਸ ਕਰਵਾਇਆ ਹੈ।
ਅਮਰੀਕੀ ਖੁਫੀਆ ਸੂਤਰਾਂ ਅਨੁਸਾਰ, ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਕੀਤਾ ਗਿਆ। ਇੱਕ ਮਿਜ਼ਾਈਲ ਹਵਾ ਵਿੱਚ ਹੀ ਫੇਲ੍ਹ ਹੋ ਗਈ, ਜਦਕਿ ਦੂਜੀ ਨੂੰ ਇੱਕ ਅਮਰੀਕੀ ਜੰਗੀ ਜਹਾਜ਼ ਨੇ 'SM-3 ਇੰਟਰਸੈਪਟਰ' ਰਾਹੀਂ ਰਸਤੇ ਵਿੱਚ ਹੀ ਤਬਾਹ ਕਰ ਦਿੱਤਾ। ਫ਼ੌਜੀ ਅੱਡੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਹੁਣ ਤੱਕ ਇਰਾਨ ਦੀਆਂ ਮਿਜ਼ਾਈਲਾਂ ਦੀ ਰੇਂਜ 2,000 ਤੋਂ 3,000 ਕਿਲੋਮੀਟਰ ਮੰਨੀ ਜਾਂਦੀ ਸੀ। 4,000 ਕਿਲੋਮੀਟਰ ਦੂਰ ਹਮਲਾ ਕਰਨ ਦੀ ਕੋਸ਼ਿਸ਼ ਨੇ ਸਾਬਤ ਕਰ ਦਿੱਤਾ ਹੈ ਕਿ ਇਰਾਨ ਕੋਲ ਹੁਣ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲਾਂ ਹਨ, ਜੋ ਯੂਰਪ ਤੱਕ ਵੀ ਮਾਰ ਕਰ ਸਕਦੀਆਂ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਵੱਲੋਂ ਹਰਮੁਜ਼ ਦੀ ਖਾੜੀ ਨੂੰ ਬੰਧਕ ਬਣਾਉਣਾ ਅਤੇ ਇਸ ਤਰ੍ਹਾਂ ਦੇ ਹਿੰਸਕ ਹਮਲੇ ਕਰਨਾ ਬ੍ਰਿਟੇਨ ਅਤੇ ਉਸਦੇ ਸਹਿਯੋਗੀਆਂ ਲਈ ਵੱਡਾ ਖ਼ਤਰਾ ਹੈ।
ਹਾਲਾਂਕਿ ਬ੍ਰਿਟੇਨ ਸਿੱਧੇ ਤੌਰ 'ਤੇ ਜੰਗ ਵਿੱਚ ਸ਼ਾਮਲ ਨਹੀਂ ਹੈ, ਪਰ ਉਸ ਨੇ ਅਮਰੀਕੀ ਬੰਬਰ ਜਹਾਜ਼ਾਂ ਨੂੰ ਇਰਾਨੀ ਟਿਕਾਣਿਆਂ 'ਤੇ ਹਮਲਾ ਕਰਨ ਲਈ ਡਿਏਗੋ ਗਾਰਸੀਆ ਅਤੇ ਹੋਰ ਬ੍ਰਿਟਿਸ਼ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਹਮਲੇ ਤੋਂ ਠੀਕ ਪਹਿਲਾਂ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੂੰ ਆਪਣੇ ਅੱਡਿਆਂ ਦੀ ਵਰਤੋਂ ਕਰਨ ਦੇ ਕੇ ਸਟਾਰਮਰ ਬ੍ਰਿਟਿਸ਼ ਨਾਗਰਿਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾ ਰਹੇ ਹਨ। ਇਰਾਨ ਨੇ ਸਾਫ਼ ਕਿਹਾ ਕਿ ਉਹ ਆਪਣੇ ਬਚਾਅ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
