Corona ਕਾਰਨ ਫਿਰ ਵਧੀ ਟੈਨਸ਼ਨ! US ਸਣੇ 23 ਦੇਸ਼ਾਂ ''ਚ ਫੈਲਿਆ ਵੇਰੀਐਂਟ, ਜਾਣੋ ਭਾਰਤ ਲਈ ਕਿੰਨਾ ਖ਼ਤਰਾ
Thursday, Mar 26, 2026 - 05:22 PM (IST)
ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਖ਼ਤਰਾ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਕੋਵਿਡ ਦਾ SARS-CoV-2 BA.3.2 ਵੇਰੀਐਂਟ ਹੁਣ ਹੌਲੀ-ਹੌਲੀ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਫੈਲ ਰਿਹਾ ਹੈ। ਅਮਰੀਕਾ ਦੀ ਸਿਹਤ ਸੰਸਥਾ ਸੀ.ਡੀ.ਸੀ. (CDC) ਮੁਤਾਬਕ ਇਹ ਵੇਰੀਐਂਟ ਹੁਣ ਤੱਕ 23 ਦੇਸ਼ਾਂ ਵਿੱਚ ਰਿਪੋਰਟ ਕੀਤਾ ਜਾ ਚੁੱਕਾ ਹੈ।
ਅਮਰੀਕਾ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਵੇਰੀਐਂਟ
ਮਾਰਚ 2026 ਤੱਕ ਦੇ ਅੰਕੜਿਆਂ ਅਨੁਸਾਰ, ਅਮਰੀਕਾ ਦੇ 29 ਰਾਜਾਂ 'ਚ ਦੋ ਦਰਜਨ ਤੋਂ ਵੱਧ ਮਰੀਜ਼ਾਂ 'ਚ ਇਹ ਵੇਰੀਐਂਟ ਪਾਇਆ ਗਿਆ ਹੈ। ਯਾਤਰੀ-ਅਧਾਰਤ ਜੀਨੋਮਿਕ ਨਿਗਰਾਨੀ ਪ੍ਰੋਗਰਾਮ ਰਾਹੀਂ ਇਸ ਦੀ ਲਗਾਤਾਰ ਟਰੈਕਿੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੇਰੀਐਂਟ ਪਹਿਲੀ ਵਾਰ ਦੋ ਸਾਲ ਪਹਿਲਾਂ ਦੱਖਣੀ ਅਫਰੀਕਾ 'ਚ ਸਾਹਮਣੇ ਆਇਆ ਸੀ, ਪਰ ਹੁਣ ਇਹ ਦੁਬਾਰਾ ਸਰਗਰਮ ਹੋ ਰਿਹਾ ਹੈ।
75 ਮਿਊਟੇਸ਼ਨਾਂ ਨੇ ਵਧਾਈ ਚਿੰਤਾ
ਮਾਹਿਰਾਂ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਵੇਰੀਐਂਟ ਦੇ ਸਪਾਈਕ ਪ੍ਰੋਟੀਨ ਵਿੱਚ ਲਗਭਗ 75 ਮਿਊਟੇਸ਼ਨ (ਬਦਲਾਅ) ਹੋ ਚੁੱਕੇ ਹਨ। ਇਸ ਦਾ ਮਤਲਬ ਹੈ ਕਿ ਇਹ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ, ਜਿਸ ਕਾਰਨ ਵੈਕਸੀਨ ਦੇ ਪ੍ਰਭਾਵ ਦੇ ਘਟਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਵੇਰੀਐਂਟ ਸਰੀਰ ਦੀ ਇਮਿਊਨਿਟੀ ਨੂੰ ਚਕਮਾ ਦੇਣ ਦੀ ਸਮਰੱਥਾ ਰੱਖਦਾ ਹੈ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਇਸ ਦੇ ਗੰਭੀਰ ਲੱਛਣ ਨਹੀਂ ਦੇਖੇ ਗਏ ਹਨ, ਪਰ ਇਸ ਦੇ ਫੈਲਣ ਦੀ ਦਰ (Transmission Rate) ਕਾਫ਼ੀ ਜ਼ਿਆਦਾ ਹੈ।
ਯੂਰਪ 'ਚ ਵੀ ਦੇਖਿਆ ਗਿਆ ਸੀ ਅਸਰ
ਇਹ ਵੇਰੀਐਂਟ ਪਿਛਲੇ ਸਾਲ ਯੂਰਪ ਵਿੱਚ ਵੀ ਕਾਫੀ ਸਰਗਰਮ ਸੀ। ਉੱਥੇ ਕੁੱਲ ਕੋਵਿਡ ਮਾਮਲਿਆਂ ਵਿੱਚੋਂ ਲਗਭਗ 35 ਫੀਸਦੀ ਮਾਮਲੇ ਇਸੇ ਵੇਰੀਐਂਟ ਦੇ ਸਨ। ਡੈਨਮਾਰਕ ਅਤੇ ਨੀਦਰਲੈਂਡ ਵਰਗੇ ਦੇਸ਼ਾਂ 'ਚ ਵੀ ਇਸ ਦੇ ਕਾਫੀ ਕੇਸ ਦਰਜ ਕੀਤੇ ਗਏ ਸਨ, ਜਿੱਥੇ ਮਰੀਜ਼ਾਂ 'ਚ ਹਲਕੇ ਲੱਛਣ ਪਾਏ ਗਏ ਸਨ।
ਭਾਰਤ ਨੂੰ ਕਿੰਨਾ ਕੁ ਡਰਨ ਦੀ ਲੋੜ?
ਮਹਾਮਾਰੀ ਮਾਹਿਰਾਂ ਅਨੁਸਾਰ, ਭਾਰਤ 'ਚ ਫਿਲਹਾਲ ਇਸ ਵੇਰੀਐਂਟ ਤੋਂ ਕੋਈ ਵੱਡਾ ਖਤਰਾ ਨਜ਼ਰ ਨਹੀਂ ਆ ਰਿਹਾ। ਭਾਰਤ 'ਚ ਅਜੇ ਤੱਕ ਇਸ ਦਾ ਕੋਈ ਅਧਿਕਾਰਤ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਇੱਥੇ ਕੋਵਿਡ ਦੇ ਲੱਛਣ ਸਧਾਰਨ ਫਲੂ ਵਰਗੇ ਹੀ ਹਨ। ਉਨ੍ਹਾਂ ਸਲਾਹ ਦਿੱਤੀ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੋਈ ਬਿਲਕੁਲ ਨਵਾਂ ਵੇਰੀਐਂਟ ਨਹੀਂ ਹੈ, ਪਰ ਫਿਰ ਵੀ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
