ਕੋਵਿਡ-19 ਤੋਂ ਠੀਕ ਹੋਏ ਪੁਰਸ਼ਾਂ ''ਚ ਬੀਬੀਆਂ ਨਾਲੋਂ ਵੱਧ ਹੁੰਦੀ ਹੈ ਇਹ ਚੀਜ਼

Tuesday, Jun 23, 2020 - 01:36 PM (IST)

ਕੋਵਿਡ-19 ਤੋਂ ਠੀਕ ਹੋਏ ਪੁਰਸ਼ਾਂ ''ਚ ਬੀਬੀਆਂ ਨਾਲੋਂ ਵੱਧ ਹੁੰਦੀ ਹੈ ਇਹ ਚੀਜ਼

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਹਨਾਂ ਅਧਿਐਨਾਂ ਦੌਰਾਨ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ।ਇਕ ਅਧਿਐਨ ਦੇ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਪੁਰਸ਼ਾਂ ਵਿਚ ਬੀਬੀਆਂ ਦੇ ਮੁਕਾਬਲੇ ਜ਼ਿਆਦਾ ਐਂਟੀਬੌਡੀਜ਼ ਹੁੰਦੇ ਹਨ। ਬ੍ਰਿਟੇਨ ਦੀ ਪ੍ਰਮੁੱਖ ਸਿਹਤ ਏਜੰਸੀ ਨੈਸ਼ਨਲ ਹੈਲਥ ਸਰਵਿਸ (NHS) ਦੇ ਅਧਿਐਨ ਵਿਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਇਸ ਅਧਿਐਨ ਦੇ ਮੁਤਾਬਕ ਪੁਰਸ਼ ਬਿਹਤਰ ਪਲਾਜ਼ਮਾ ਡੋਨਰ ਹੋ ਸਕਦੇ ਹਨ। 

ਕੋਰੋਨਾ ਦੇ ਕੁਝ ਗੰਭੀਰ ਮਰੀਜ਼ਾਂ ਦੇ ਲਈ ਪਲਾਜ਼ਮਾ ਥੈਰੇਪੀ ਅਸਰਦਾਰ ਸਾਬਤ ਹੋਈ ਹੈ। ਇਸ ਲਈ ਕੁਝ ਸਥਿਤੀਆਂ ਵਿਚ ਡਾਕਟਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਤੋਂ ਲਏ ਗਏ ਪਲਾਜ਼ਮਾ ਬੀਮਾਰ ਮਰੀਜ਼ ਨੂੰ ਦਿੰਦੇ ਹਨ। ਅਧਿਐਨ ਵਿਚ ਪਤਾ ਚੱਲਿਆ ਹੈ ਕਿ 43 ਫੀਸਦੀ ਪੁਰਸ਼ ਡੋਨਰ ਦੇ ਖੂਨ ਵਿਚ ਕਾਫੀ ਐਂਟੀਬੌਡੀਜ਼ ਸਨ। ਉੱਥੇ ਸਿਰਫ 29 ਫੀਸਦੀ ਬੀਬੀਆਂ ਵਿਚ ਅਜਿਹਾ ਨਤੀਜਾ ਦੇਖਣ ਨੂੰ ਮਿਲਿਆ। ਐੱਨ.ਐੱਚ.ਐੱਸ. ਨੇ 592 ਡੋਨਰ ਦੇ ਡਾਟਾ ਦੇ ਆਧਾਰ 'ਤੇ ਇਹ ਅਧਿਐਨ ਕੀਤਾ।

ਬ੍ਰਿਟੇਨ ਵਿਚ ਹੁਣ ਕੋਰੋਨਾ ਤੋਂ ਠੀਕ ਹੋ ਚੁੱਕੇ ਪੁਰਸ਼ਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। ਬ੍ਰਿਟੇਨ ਵਿਚ ਜਾਰੀ ਟ੍ਰਾਇਲ ਲਈ ਹਸਪਤਾਲ ਵਿਚ ਭਰਤੀ 3500 ਮਰੀਜ਼ਾਂ ਨੂੰ ਪਲਾਜ਼ਮਾ ਦਿੱਤੇ ਜਾਣ ਦੀ ਯੋਜਨਾ ਹੈ। ਇੱਥੇ ਦੱਸ ਦਈਏ ਕਿ 1918 ਦੇ ਸਪੈਨਿਸ਼ ਫਲੂ ਦੇ ਦੌਰਾਨ ਪਹਿਲੀ ਵਾਰ ਪਲਾਜ਼ਮਾ ਥੈਰੇਪੀ ਦੀ ਵਰਤੋਂ ਕੀਤੀ ਗਈ ਸੀ। ਸਾਰਸ ਦੇ ਦੌਰਾਨ ਵੀ ਮਰੀਜ਼ਾਂ ਨੂੰ ਪਲਾਜ਼ਮਾ ਦਿੱਤੇ ਗਏ ਸਨ। ਕੋਰੋਨਾ ਨਾਲ ਬੀਮਾਰ ਹੋਣ ਦੇ ਬਾਅਦ ਸਰੀਰ ਦਾ ਇਮਿਊਨ ਸਿਸਟਮ ਐਂਟੀਬੌਡੀਜ਼ ਪੈਦਾ ਕਰਦਾ ਹੈ। ਐਂਟੀਬੌਡੀਜ਼ ਇਸ ਚੀਜ਼ ਨੂੰ ਰਿਕਾਰਡ ਕਰਦਾ ਹੈ ਕਿ ਸਰੀਰ ਨੇ ਕਿਸੇ ਖਾਸ ਵਾਇਰਸ ਨਾਲ ਕਿਸ ਤਰ੍ਹਾਂ ਲੜਨਾ ਹੈ। ਇਸੇ ਕਾਰਨ ਕੁਝ ਵਾਇਰਸ ਨਾਲ ਬੀਮਾਰ ਹੋ ਚੁੱਕੇ ਲੋਕਾਂ ਨੂੰ ਠੀਕ ਹੋਣ ਦੇ ਬਾਅਦ ਇਮਿਊਨ ਕਿਹਾ ਜਾਂਦਾ ਹੈ। ਭਾਵੇਂਕਿ ਇਹ ਹੁਣ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈਕ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਲੋਕਾਂ ਵਿਚ ਐਂਟੀਬੌਡੀਜ਼ ਕਿੰਨੇ ਸਮੇਂ ਲਈ ਰਹਿੰਦੀ ਹੈ। ਇਸ ਸੰਬੰਧੀ ਹਾਲੇ ਹੋਰ ਅਧਿਐਨਾਂ ਦੇ ਨਤੀਜੇ ਆਉਣੇ ਬਾਕੀ ਹਨ।
 


author

Vandana

Content Editor

Related News