ਬ੍ਰਿਟੇਨ ਦੀ ਨਵੀਂ ਸਰਕਾਰ ਨੇ ਜੀਵਨ ਬਤੀਤ ਕਰਨ ਦੀ ਲਾਗਤ ਨੂੰ ਘੱਟ ਕਰਨ ਦਾ ਕੀਤਾ ਵਾਅਦਾ
Thursday, Jul 18, 2024 - 09:41 AM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਨਵੀਂ ਲੇਬਰ ਪਾਰਟੀ ਸਰਕਾਰ ਨੇ ਕਿਹਾ ਕਿ ਉਹ ਦੌਲਤ ਸਿਰਜਣ ’ਤੇ ਧਿਆਨ ਲਾ ਕੇ ਦੇਸ਼ ’ਚ ਰਹਿਣ-ਸਹਿਣ ਦੇ ਸੰਕਟ ਨੂੰ ਦੂਰ ਕਰਨ ’ਚ ਮਦਦ ਕਰੇਗੀ। ਇਸ ਦੇ ਨਾਲ ਹੀ ਸਰਕਾਰ ਨੇ ‘ਰਾਸ਼ਟਰੀ ਨਵੀਨੀਕਰਨ’ ਲਈ ਆਪਣੀਆਂ ਯੋਜਨਾਵਾਂ ਪੇਸ਼ ਕੀਤੀਆਂ। ਕਿੰਗ ਚਾਰਲਸ ਤੀਜੇ ਨੇ ਬੁੱਧਵਾਰ ਨੂੰ ਸੰਸਦ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਨਵੀਂ ਸਰਕਾਰ ਦੇ ਵਿਧਾਨਕ ਏਜੰਡੇ ਦੀ ਰੂਪਰੇਖਾ ਪੇਸ਼ ਕੀਤੀ। ਭਾਸ਼ਣ ਨੇ ਬ੍ਰਿਟੇਨ ਦੇ ਜਨਤਕ ਵਿੱਤ ਨੂੰ ਸਥਿਰ ਕਰਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ।
ਸੈਂਕੜੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮਹਾਰਾਜਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਰੋਬਾਰੀ ਅਤੇ ਕੰਮਕਾਜੀ ਲੋਕਾਂ ਨਾਲ ਨਵੀਂ ਸਾਂਝੇਦਾਰੀ ਦੀ ਕੋਸ਼ਿਸ਼ ਕਰੇਗੀ ਅਤੇ ਸਾਰੇ ਭਾਈਚਾਰਿਆਂ ਲਈ ਦੌਲਤ ਸਿਰਜਣ ਨੂੰ ਤਰਜੀਹ ਦੇ ਕੇ ਜੀਵਨ ਦੀਆਂ ਚੁਣੌਤੀਆਂ ਨੂੰ ਦੂਰ ਕਰਨ ’ਚ ਦੇਸ਼ ਦੀ ਮਦਦ ਕਰੇਗੀ। ਚੋਣ ਪ੍ਰਚਾਰ ਦੌਰਾਨ ਸਟਾਰਮਰ ਨੇ ਬ੍ਰਿਟੇਨ ’ਚ ਤਬਦੀਲੀਆਂ ਲਿਆਉਣ ਦਾ ਵਾਅਦਾ ਕੀਤਾ ਸੀ। ਲੇਬਰ ਸਰਕਾਰ ਵੱਲੋਂ ਲਿਖੇ ਗਏ ਭਾਸ਼ਣ ’ਚ ਕਿਹਾ ਗਿਆ ਹੈ ਕਿ ਪਾਰਟੀ ਹੋਰ ਰਿਹਾਇਸ਼ੀ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਨਿਰਮਾਣ ਕਰੇਗੀ, ਮਜ਼ਦੂਰਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰੇਗੀ ਅਤੇ ਇਕ ਨਵੀਂ ਉਦਯੋਗਿਕ ਰਣਨੀਤੀ ਤਿਆਰ ਕਰੇਗੀ। ਮਹਾਰਾਜਾ ਚਾਰਲਸ ਤੀਜੇ ਨੇ ਇਹ ਭਾਸ਼ਣ ਪੜ੍ਹਿਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਗਾਤਾਰ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ, ਬੇਰੁਜ਼ਗਾਰੀ ਤੇ ਰਿਹਾਇਸ਼ੀ ਸੰਕਟ ਸਮੇਤ ਇਹ ਮੁੱਦੇ ਬਣੇ ਵੱਡੀ ਚੁਣੌਤੀ
ਸੰਬੋਧਨ ਦੇ ਲਿਖਤ ’ਚ ਪ੍ਰਧਾਨ ਮੰਤਰੀ ਨੇ ਹੌਂਸਲਾ ਬਣਾਈ ਰੱਖਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਤਬਦੀਲੀ ਲਈ ਆਸਾਨ ਜਵਾਬਾਂ ਅਤੇ ਲੋਕਪ੍ਰਿਅ ਵਾਅਦਿਆਂ ਦੀ ਬਜਾਏ ‘ਦ੍ਰਿੜ੍ਹ ਸੰਕਲਪ, ਸਬਰ ਨਾਲ ਕੰਮ ਅਤੇ ਗੰਭੀਰ ਹੱਲ’ ਦੀ ਲੋੜ ਹੋਵੇਗੀ। 4 ਜੁਲਾਈ ਨੂੰ ਹੋਈਆਂ ਆਮ ਚੋਣਾਂ ’ਚ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਸਟਾਰਮਰ ਨੇ ਦੇਸ਼ ਦੇ ਪੁਰਾਣੇ ਬੁਨਿਆਦੀ ਢਾਂਚੇ ਅਤੇ ਮਾੜੀਆਂ ਜਨਤਕ ਸੇਵਾਵਾਂ ਨੂੰ ਸੁਧਾਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਿੱਜੀ ਟੈਕਸ ਦਰ ਨਹੀਂ ਵਧਾਉਣਗੇ। ਸੰਬੋਧਨ ’ਚ 40 ਬਿੱਲ ਸ਼ਾਮਲ ਕੀਤੇ ਗਏ, ਜਦ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਸਮੇਂ ’ਚ ਪਿਛਲੇ ਸੰਬੋਧਨ ’ਚ ਸਿਰਫ਼ 21 ਬਿੱਲ ਸਨ। ਇਨ੍ਹਾਂ 40 ਬਿੱਲਾਂ ’ਚ ਮਕਾਨ ਬਣਾਉਣ ਤੋਂ ਲੈ ਕੇ ਰੇਲਵੇ ਦਾ ਰਾਸ਼ਟਰੀਕਰਨ ਅਤੇ ਬਿਜਲੀ ਸਪਲਾਈ ਦੇ ਖੇਤਰ ’ਚ ਬਦਲਾਅ ਲਿਆਉਣਾ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।