ਪ੍ਰਿੰਸ ਚਾਰਲਸ ਨੇ ਕੈਟੀ ਪੇਰੀ ਨੂੰ ਬਣਾਇਆ ਬ੍ਰਿਟਿਸ਼ ਏਸ਼ੀਅਨ ਟਰੱਸਟ ਦੀ ਰਾਜਦੂਤ

Wednesday, Feb 05, 2020 - 05:59 PM (IST)

ਪ੍ਰਿੰਸ ਚਾਰਲਸ ਨੇ ਕੈਟੀ ਪੇਰੀ ਨੂੰ ਬਣਾਇਆ ਬ੍ਰਿਟਿਸ਼ ਏਸ਼ੀਅਨ ਟਰੱਸਟ ਦੀ ਰਾਜਦੂਤ

ਲੰਡਨ/ਵਾਸ਼ਿੰਗਟਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਅਮਰੀਕੀ ਗਾਇਕਾ ਕੇਟੀ ਪੇਰੀ ਨੂੰ ਬ੍ਰਿਟਿਸ਼ ਏਸ਼ੀਅਨ ਟਰੱਸਟ ਦੇ ਭਾਰਤ ਨਾਲ ਜੁੜੇ ਬਾਲ ਸੁਰੱਖਿਆ ਫੰਡ ਦੀ ਨਵੀਂ ਰਾਜਦੂਤ ਨਿਯੁਕਤ ਕੀਤਾ ਹੈ। ਸਾਲ 2007 ਵਿਚ ਸਥਾਪਿਤ ਬ੍ਰਿਟਿਸ਼ ਏਸ਼ੀਅਨ ਟਰੱਸਟ ਇਕ ਚੈਰਿਟੀ ਸੰਸਥਾ ਹੈ। ਪ੍ਰਿੰਸ ਚਾਰਲਸ ਨੇ ਦੱਖਣੀ ਏਸ਼ੀਆਈ ਪਰਿਵਾਰਾਂ ਦੀ ਗਰੀਬੀ ਅਤੇ ਮੁਸ਼ਕਲਾਂ ਦੇਖਦੇ ਹੋਏ ਇਸ ਟਰੱਸਟ ਦੀ ਸਥਾਪਨਾ ਕੀਤੀ ਸੀ।ਪੇਰੀ ਨੂੰ ਦੂਤ ਬਣਾਉਣ ਦਾ ਐਲਾਨ ਲੰਡਨ ਵਿਚ ਇਕ ਪ੍ਰੋਗਰਾਮ ਦੇ ਦੌਰਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸ ਚਾਰਲਸ ਨੇ ਕੇਟੀ ਪੇਰੀ ਅਤੇ ਨਤਾਸ਼ਾ ਪੂਨਾਵਾਲਾ ਸਮੇਤ ਟਰੱਸਟ ਦੇ ਕਈ ਸਮਰਥਕਾਂ ਨਾਲ ਮੁਲਾਕਾਤ ਕੀਤੀ। 

ਪ੍ਰਿੰਸ ਚਾਰਲਸ ਨਾਲ ਅਮਰੀਕੀ ਗਾਇਕਾ ਪੇਰੀ ਦੀ ਪਹਿਲੀ ਮੁਲਾਕਾਤ ਮੁੰਬਈ ਵਿਚ ਬ੍ਰਿਟਿਸ਼ ਏਸ਼ੀਆਈ ਟਰੱਸਟ ਦੀ ਇਕ ਬੈਠਕ ਦੌਰਾਨ ਹੋਈ ਸੀ। ਪੇਰੀ ਨੇ ਕਿਹਾ,''ਯੂਨੀਸੈਫ ਦੀ ਸਦਭਾਵਨਾ ਦੂਤ ਦੇ ਤੌਰ 'ਤੇ ਮੈਂ ਦੁਨੀਆ ਦੇ ਕਈ ਹਿੱਸਿਆਂ ਦੀ ਯਾਤਰਾ ਕੀਤੀ।ਇਸ ਦੌਰਾਨ ਬੱਚਿਆਂ ਦੇ ਹਾਲਾਤ ਦੇਖ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਤਸਕਰੀ ਵਿਚ ਕਮੀ ਲਿਆਉਣ ਦੀ ਪ੍ਰਿੰਸ ਚਾਰਲਸ ਦੀ ਯੋਜਨਾ ਦ੍ਰਿੜ੍ਹ ਹੈ।'' ਪੇਰੀ ਨੇ ਆਪਣੇ ਕਰੀਅਰ ਵਿਚ ਕਈ ਧਾਰਮਿਕ ਸੰਗਠਨਾਂ ਦਾ ਸਮਰਥਨ ਕੀਤਾ ਹੈ। ਦਸੰਬਰ 2013 ਵਿਚ ਉਹਨਾਂ ਨੂੰ ਯੂਨੀਸੈਫ ਦਾ ਸਦਭਾਵਨਾ ਦੂਤ ਨਾਮਜ਼ਦ ਕੀਤਾ ਗਿਆ ਸੀ। ਪੇਰੀ ਨੇ ਕਿਹਾ ਕਿ ਕੁਝ ਚੰਗਾ ਕਰਨ ਵਿਚ ਉਹਨਾਂ ਦੇ ਅਨੁਭਵ ਨੇ ਉਹਨਾਂ ਨੂੰ ਪ੍ਰਿੰਸ ਚਾਰਲਸ ਦੀ ਚੈਰਿਟੀ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।


author

Vandana

Content Editor

Related News