ਕੋਰੋਨਾਵਾਇਰਸ ਨਾਲ ਦੁਨੀਆ ਦੀ ਉੱਡੀ ਨੀਂਦ ਪਰ ਬ੍ਰਿਟੇਨ ''ਚ ਮਸਤੀ ''ਚ ਲੋਕ

02/18/2020 11:41:45 AM

ਲੰਡਨ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਹੈ। ਇਹ ਵਾਇਰਸ ਕਿੰਝ ਫੈਲਿਆ, ਇਸ ਸਬੰਧੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਚੀਨ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ ਕਰੀਬ 1,868 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵਾਇਰਸ ਪੂਰੀ ਦੁਨੀਆ ਦੇ ਵਿਗਿਆਨੀਆਂ ਲਈ ਸਿਰਦਰਦ ਬਣਿਆ ਹੋਇਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸ ਤਰ੍ਹਾਂ ਦੀ ਇਕ ਕੋਸ਼ਿਸ਼ ਬ੍ਰਿਟੇਨ ਨੇ ਵੀ ਕੀਤੀ, ਜਿਸ ਵਿਚ ਲੋਕ ਆਪਣਾ ਫਾਇਦਾ ਦੇਖ ਰਹੇ ਹਨ ਅਤੇ ਖੁਸ਼ ਹੋ ਰਹੇ ਹਨ। 

ਕੋਰੋਨਾਵਾਇਰਸ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਦੇ ਵਿਚਾਰ ਅਧੀਨ ਆਦੇਸ਼ 'ਤੇ ਬ੍ਰਿਟੇਨ ਦੇ ਲੌਕ ਮੌਜ਼ਾਂ ਕਰ ਰਹੇ ਹਨ ਅਤੇ ਇਕ ਤਰ੍ਹਾਂ ਨਾਲ ਇਸ ਦਾ ਮਜ਼ਾਕ ਉਡਾ ਰਹੇ ਹਨ। ਅਸਲ ਵਿਚ ਬ੍ਰਿਟੇਨ ਸਰਕਾਰ ਇਹ ਆਦੇਸ਼ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ ਤਾਂ ਉਹ 14 ਦਿਨ ਦੀ ਛੁੱਟੀ ਲੈ ਕੇ ਘਰ ਵਿਚ ਹੀ ਰਹੇ ਅਤੇ ਖੁਦ ਨੂੰ ਭੀੜ ਵਾਲੀ ਜਗ੍ਹਾ ਤੋਂ ਦੂਰ ਰੱਖੇ। ਬੱਸ ਇੰਨਾ ਸੁਣਦੇ ਹੀ ਲੋਕ ਮਸਤੀ ਦੇ ਮੂਡ ਵਿਚ ਆ ਗਏ। ਲੋਕਾਂ ਨੂੰ ਕੋਰੋਨਾ ਦਾ ਡਰ ਤਾਂ ਹੈ ਪਰ ਉਹ ਇਸ ਗੱਲ ਨਾਲ ਖੁਸ਼ ਹਨ ਕਿ ਇਸੇ ਬਹਾਨੇ ਛੁੱਟੀ ਮਿਲਣ ਵਾਲੀ ਹੈ।

ਡੇਲੀ ਮੇਲ ਦੀ ਖਬਰ ਦੇ ਮੁਤਾਬਕ ਜੇਕਰ ਕੋਰੋਨਾਵਾਇਰਸ ਦਾ ਸੰਕਟ ਘੱਟ ਨਹੀਂ ਹੁੰਦਾ ਹੈ ਤਾਂ ਆਸ ਕੀਤੀ ਜਾ ਰਹੀ ਹੈ ਕਿ ਸਿਹਤ ਅਧਿਕਾਰੀ ਇਹ ਆਦੇਸ਼ ਜਾਰੀ ਕਰ ਸਕਦਾ ਹੈ। ਆਦੇਸ਼ ਮੁਤਾਬਕ ਜੇਕਰ ਕਿਸੇ ਨੂੰ ਖੰਘ ਜਾਂ ਫਲੂ ਜਿਹੀ ਬੀਮਾਰੀ ਹੈ ਤਾਂ ਉਹ 14 ਦਿਨਾਂ ਲਈ ਕੰਮ 'ਤੇ ਨਾ ਜਾਵੇ। ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਫੈਸਲੇ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਣਗੇ। ਇਸ ਸੰਭਾਵੀ ਸਲਾਹ 'ਤੇ ਬ੍ਰਿਟੇਨ ਦੇ ਲੋਕ ਮੌਜ਼ਾਂ ਲੈ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਤਾਂ ਸਵਰਗ ਜਿਹਾ ਮਹਿਸੂਸ ਹੋ ਰਿਹਾ ਹੈ।ਸੋਸ਼ਲ ਮੀਡੀਆ 'ਤੇ ਇਸ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।

ਇਕ ਟਵਿੱਟਰ ਯੂਜ਼ਰ ਨੇ ਸਵਾਲ ਕਰਦਿਆਂ ਲਿਖਿਆ,''ਦੇਖੇ ਬ੍ਰਿਟੇਨ ਦੇ ਲੋਕ ਕਿਵੇਂ ਛੁੱਟੀ ਲਈ ਉਤਸੁਕ ਹਨ।'' ਉੱਥੇ ਇਕ ਹੋਰ ਯੂਜ਼ਰ ਨੇ ਪੁੱਛਿਆ,''ਦੁਨੀਆ ਭਰ ਵਿਚ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 72,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਤਾਂ ਹੁਣ ਤੱਕ ਇਹ ਆਦੇਸ਼ ਜਾਰੀ ਕਿਉਂ ਨਹੀਂ ਕੀਤਾ ਗਿਆ।'' ਭਾਵੇਂਕਿ ਸਿਹਤ ਵਿਭਾਗ ਨੇ ਸਕੂਲਾਂ ਵਿਚ ਇਹ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਜੇਕਰ ਕੋਰੋਨਾਵਾਇਰਸ ਦਾ ਕੋਈ ਸ਼ੱਕੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਨਾ ਤਾਂ ਸਕੂਲ ਬੰਦ ਕੀਤਾ ਜਾਵੇ ਅਤੇ ਨਾ ਹੀ ਸਟਾਫ ਜਾਂ ਬੱਚਿਆਂ ਨੂੰ ਘਰ ਭੇਜਿਆ ਜਾਵੇ। 

ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਲੋਕਾਂ ਨੂੰ ਖੁਦ ਨੂੰ ਵੱਖਰਾ ਰੱਖਣਾ ਬ੍ਰਿਟਿਸ਼ ਅਰਥਵਿਵਸਥਾ ਲਈ ਵਿਨਾਸ਼ਕਾਰੀ ਹੋ ਸਕਦਾ ਹੈ। ਇੱਥੇ ਦੱਸ ਦਈਏ ਕਿ ਯੂਕੇ ਵਿਚ ਹਸਪਤਾਲਾਂ ਨੇ ਪਹਿਲਾਂ ਹੀ 'ਆਇਸੋਲੇਸ਼ਨ ਸ਼ੈਲ' ਬਣਾ ਦਿੱਤਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਜਿਹੜੇ ਮਰੀਜ਼ਾਂ ਦਾ ਕੋਰੋਨਾਵਾਇਰਸ ਦਾ ਪਰੀਖਣ ਕੀਤਾ ਗਿਆ ਹੈ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਰੱਖਿਆ ਜਾਵੇ।


Vandana

Content Editor

Related News