ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ, ਪੜ੍ਹਾਈ ਦੇ ਬਾਅਦ ਬ੍ਰਿਟੇਨ ''ਚ 2 ਸਾਲ ਦਾ ਵਰਕ ਪਰਮਿਟ

09/11/2019 5:49:02 PM

ਲੰਡਨ (ਬਿਊਰੋ)— ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਬ੍ਰਿਟੇਨ ਨੇ ਆਪਣੇ ਇੱਥੇ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਪੜ੍ਹਾਈ ਦੇ ਬਾਅਦ ਦੀ ਨਵੀਂ ਵਰਕ ਵੀਜ਼ਾ ਪਾਲਿਸੀ ਦਾ ਐਲਾਨ ਕੀਤਾ ਹੈ। ਬ੍ਰਿਟੇਨ ਵਿਚ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਬ੍ਰਿਟੇਨ ਨੇ ਬੁੱਧਵਾਰ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਦੋ ਸਾਲ ਦੇ ਅਧਿਐਨ ਦੇ ਬਾਅਦ ਵਰਕ ਵੀਜ਼ਾ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਇਸ ਐਲਾਨ ਨੂੰ ਉੱਥੇ ਪੜ੍ਹਾਈ ਕਰਨ ਲਈ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣਾ ਕਰੀਅਰ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ। 

ਬ੍ਰਿਟਿਸ਼ ਮੀਡੀਆ ਮੁਤਾਬਕ ਬ੍ਰੈਗਜ਼ਿਟ ਦੇ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਇਹ ਨਵੀਂ ਪਾਲਿਸੀ 2020-21 ਵਿਚ ਵਿਦਿਆਰਥੀਆਂ ਦੇ ਦਾਖਲੇ ਦੌਰਾਨ ਲਾਂਚ ਹੋਵੇਗੀ। ਇੱਥੇ ਦੱਸ ਦਈਏ ਕਿ ਇਸ ਯੋਜਨਾ ਨੂੰ 2012 ਵਿਚ ਉਸ ਸਮੇਂ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਖਤਮ ਕਰ ਦਿੱਤਾ ਸੀ। ਹੁਣ ਇਸ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾ ਸਕੇ। 

ਭਾਰਤ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਭਾਰਤੀ ਵਿਦਿਆਰਥੀਅਥਾਂ ਨੂੰ ਇਸ ਨਵੀਂ ਪਾਲਿਸੀ ਨਾਲ ਕਾਫੀ ਫਾਇਦਾ ਹੋਵੇਗਾ। ਨਵੀਂ ਪਾਲਿਸੀ ਆਉਣ ਦੇ ਬਾਅਦ ਬ੍ਰਿਟੇਨ ਵਿਚ ਪੜ੍ਹਾਈ ਪੂਰੀ ਕਰਨ ਦੇ ਬਾਅਦ ਉੱਥੇ ਵਿਦਿਆਰਥੀ ਅਗਲੇ 2 ਸਾਲ ਲਈ ਕੰਮ ਕਰਨ ਜਾਂ ਕਰੀਅਰ ਬਣਾਉਣ ਜਾਂ ਫਿਰ ਆਪਣੀ ਪਸੰਦ ਮੁਤਾਬਕ ਕੰਮ ਕਰਨ ਦਾ ਫੈਸਲਾ ਲੈ ਸਕਣਗੇ। ਜ਼ਿਕਰਯੋਗ ਹੈ ਕਿ ਬੀਤੇ 3 ਸਾਲਾਂ ਵਿਚ ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਜੂਨ 2019 ਦੇ ਅਖੀਰ ਤੱਕ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 22 ਹਜ਼ਾਰ ਤੱਕ ਹੋ ਜਾਵੇਗੀ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਵਿਚ 42 ਫੀਸਦੀ ਵਾਧਾ ਹੋਇਆ ਹੈ। ਪਿਛਲੇ 3 ਸਾਲਾਂ ਨੂੰ ਦੇਖੀਏ ਤਾਂ ਇਹ 100 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਇਸ ਨਵੀਂ ਨੀਤੀ ਨਾਲ ਪ੍ਰਤਿਭਾਸ਼ਾਲੀ ਵਿਦੇਸ਼ੀ ਵਿਦਿਆਰਥੀਆਂ ਨੂੰ, ਖਾਸ ਕਰ ਕੇ ਵਿਗਿਆਨ, ਗਣਿਤ ਜਾਂ ਤਕਨੀਕੀ ਅਤੇ ਇੰਜੀਨੀਅਰ ਖੇਤਰ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਬਾਅਦ ਬਹੁਮੁੱਲਾ ਅਨੁਭਵ ਮਿਲ ਸਕਦਾ ਹੈ। ਉਹ ਆਪਣੇ ਕਰੀਅਰ ਨੂੰ ਅੱਗੇ ਵਧਾ ਸਕਦੇ ਹਨ। 
 


Vandana

Content Editor

Related News