ਲੰਡਨ ਦੀਆਂ ਯੂਨੀਵਰਸਿਟੀਆਂ ''ਚ ਰਿਕਾਰਡ ਗਿਣਤੀ ''ਚ ਭਾਰਤੀ ਵਿਦਿਆਰਥੀ

Thursday, Jan 30, 2020 - 11:03 AM (IST)

ਲੰਡਨ ਦੀਆਂ ਯੂਨੀਵਰਸਿਟੀਆਂ ''ਚ ਰਿਕਾਰਡ ਗਿਣਤੀ ''ਚ ਭਾਰਤੀ ਵਿਦਿਆਰਥੀ

ਲੰਡਨ (ਬਿਊਰੋ): ਬ੍ਰਿਟੇਨ ਦੀ ਰਾਜਧਾਨੀ ਲੰਡਨ ਸਥਿਤ ਯੂਨੀਵਰਸਿਟੀਆਂ ਵਿਚ ਰਿਕਾਰਡ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਨੇ ਦਾਖਲਾ ਲਿਆ। ਇਸ ਕਾਰਨ ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ਵਿਚ ਭਾਰਤ ਚੀਨ ਅਤੇ ਅਮਰੀਕਾ ਦੇ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਬ੍ਰਿਟੇਨ ਦੀ ਉੱਚ ਸਿੱਖਿਆ ਅੰਕੜਾ ਏਜੰਸੀ (HESA) ਵੱਲੋਂ ਬੁੱਧਵਾਰ ਨੂੰ ਜਾਰੀ ਨਵੇਂ ਅੰਕੜਿਆਂ ਦੇ ਮੁਤਾਬਕ 2018-19 ਵਿਚ ਲੰਡਨ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 34.7 ਫੀਸਦੀ ਤੱਕ ਵਧੀ ਹੈ। ਸਾਲ 2011-12 ਦੇ ਬਾਅਦ ਇਹ ਗਿਣਤੀ ਸਭ ਤੋਂ ਵੱਧ ਹੈ। 

ਭਾਰਤ ਨੇ ਇਟਲੀ ਨੂੰ ਪਿੱਛੇ ਛੱਡਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਦੇ ਮਾਮਲੇ ਵਿਚ ਇਟਲੀ ਹੁਣ ਚੌਥੇ ਅਤੇ ਫਰਾਂਸ 5ਵੇਂ ਸਥਾਨ 'ਤੇ ਹੈ। ਲੰਡਨ ਦੇ ਮੇਅਰ ਦੇ ਦਫਤਰ ਦੀ ਪ੍ਰਮੋਸ਼ਨਲ ਏਜੰਸੀ ਲੰਡਨ ਐਂਡ ਪਾਰਟਰਨਸ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਕਾਰਨ ਉਹ ਲੰਡਨ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਲਿਹਾਜ ਨਾਲ ਤੀਜੇ ਸਥਾਨ 'ਤੇ ਆ ਗਿਆ ਹੈ ਜਦਕਿ 3 ਸਾਲ ਪਹਿਲਾਂ ਚੌਥੇ ਸਥਾਨ 'ਤੇ ਖਿਸਕ ਗਿਆ ਸੀ।

ਬ੍ਰਿਟੇਨ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਸਿੱਖਿਆ ਪੂਰੀ ਕਰਨ ਦੇ ਬਾਅਦ 2 ਸਾਲ ਦੇ ਵੀਜ਼ਾ ਦੀ ਫਿਰ ਤੋਂ ਸ਼ੁਰੂਆਤ ਕੀਤੇ ਜਾਣ ਨਾਲ ਐਪਲੀਕੇਸ਼ਨਾਂ ਵਿਚ ਵਾਧਾ ਹੋਇਆ ਹੈ। ਇਸ ਨਿਯਮ ਨਾਲ ਵਿਦੇਸ਼ੀ ਵਿਦਿਆਰਥੀ ਗ੍ਰੇਜੁਏਸ਼ਨ ਪੂਰੀ ਕਰਨ ਦੇ ਬਾਅਦ ਰੋਜ਼ਗਾਰ ਲੱਭਣ ਲਈ ਲੰਬੇ ਸਮੇਂ ਤੱਕ ਬ੍ਰਿਟੇਨ ਵਿਚ ਰਹਿ ਸਕਦੇ ਹਨ। ਅੰਕੜਿਆਂ ਮੁਤਾਬਕ 2018-19 ਵਿਚ ਲੰਡਨ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 125,035 ਹੈ ਜੋ ਕਿ 2017-18 ਦੀ ਤੁਲਨਾ ਵਿਚ 5.8 ਫੀਸਦੀ ਵੱਧ ਹੈ। 

ਚੀਨ ਦੇ 25,650 ਵਿਦਿਆਰਥੀਆਂ ਨੇ ਇੱਥੋਂ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲਿਆ। ਅਮਰੀਕਾ ਦੇ 7,460 ਜਦਕਿ ਭਾਰਤ ਦੇ 7,158 ਵਿਦਿਆਰਥੀਆਂ ਨੇ ਪੜ੍ਹਾਈ ਲਈ ਰਜਿਟਰੇਸ਼ਨ ਕਰਵਾਇਆ। ਇਟਲੀ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ 1.2 ਫੀਸਦੀ ਦੀ ਕਮੀ ਆਈ ਹੈ। ਉਸ ਦੇ 5,625 ਵਿਦਿਆਰਥੀਆਂ ਨੇ ਦਾਖਲਾ ਲਿਆ। 3.9 ਫੀਸਦੀ ਦੇ ਵਾਧੇ ਨਾਲ ਫਰਾਂਸ ਦੇ 4,560 ਵਿਦਿਆਰਥੀ ਲੰਡਨ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਹਨ।


author

Vandana

Content Editor

Related News