ਸਕਾਟਲੈਂਡ ''ਚ ਨਫ਼ਰਤੀ ਅਪਰਾਧਾਂ ''ਚ ਹੋਇਆ ਵਾਧਾ ਦਰਜ਼

06/13/2020 6:04:43 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਿੱਚ ਬਲੈਕ ਲਾਈਵਜ਼ ਮੈਟਰ ਮੁਹਿੰਮ ਦੇ ਪ੍ਰਦਰਸ਼ਨਾਂ ਨੇ ਮਾਹੌਲ ਵਿੱਚ ਗਰਮਾਹਟ ਲਿਆਂਦੀ ਹੋਈ ਹੈ। ਇਹਨਾਂ ਪ੍ਰਦਰਸ਼ਨਾਂ ਦੇ ਚਲਦਿਆਂ ਸਕਾਟਲੈਂਡ ਵਿੱਚ ਹੋਏ ਸਰਵੇਖਣ ਮੁਤਾਬਕ ਇਹ ਤੱਥ ਸਾਹਮਣੇ ਆਏ ਹਨ ਕਿ ਸਕਾਟਲੈਂਡ ਵਿੱਚ ਨਫ਼ਰਤੀ ਅਪਰਾਧਾਂ ਦੀ ਦਰ ਵਿੱਚ ਅਥਾਹ ਵਾਧਾ ਹੋਇਆ ਹੈ। ਕਰਾਊਨ ਆਫਿਸ ਐਂਡ ਪ੍ਰਾਸੀਕਿਊਟਰ ਫਿਸਕਲ ਸਰਵਿਸ ਵੱਲੋਂ ਇਕੱਤਰ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਵਿੱਚ ਰੰਗ ਭੇਦ, ਧਰਮ, ਅਪਾਹਜਤਾ ਅਤੇ ਲਿੰਗ ਭੇਦ ਨਾਲ ਸੰਬੰਧਤ ਨਫ਼ਰਤੀ ਅਪਰਾਧ ਵਧੇ ਹਨ। 

ਇਸ ਰਿਪੋਰਟ ਰਾਹੀਂ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ 3038 ਨਫ਼ਰਤੀ ਅਪਰਾਧਾਂ ਦੇ ਮਾਮਲੇ ਦਰਜ਼ ਹੋਏ ਸਨ ਜੋ ਕਿ 2018-19 ਦੇ ਮੁਕਾਬਲੇ ਹੋਰ 4 ਫੀਸਦੀ ਵਧੇ ਹਨ। ਲਿੰਗ ਭੇਦ ਨਾਲ ਸੰਬੰਧਤ ਨਫਲਰਤੀ ਅਪਰਾਧਾਂ ਵਿੱਚ 24 ਫੀਸਦੀ ਵਾਧਾ ਦਰਜ਼ ਹੋਇਆ ਹੈ। ਸਰੀਰਕ ਅਪਾਹਜਤਾ ਨਾਲ ਸੰਬੰਧਤ 29 ਫੀਸਦੀ ਅਤੇ ਧਾਰਮਿਕ ਵਿਤਕਰੇ ਸੰਬੰਧੀ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਜਸਟਿਸ ਸੈਕਟਰੀ ਹਮਜ਼ਾ ਯੂਸਫ਼ ਨੇ ਨਫ਼ਰਤੀ ਅਪਰਾਧ ਖਿਲਾਫ ਇੱਕ ਨਵਾਂ ਬਿੱਲ ਵੀ ਪੇਸ਼ ਕੀਤਾ ਹੈ। ਲਾਰਡ ਐਡਵੋਕੇਟ ਜੇਮਜ਼ ਵੋਲਫ ਨੇ ਹਜਾਰਾਂ ਪੀੜਤਾਂ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਸਮਾਜ ਦੀ ਬਿਹਤਰ ਤਸਵੀਰ ਸਿਰਜਣ ਲਈ ਇਹਨਾਂ ਅੰਕੜਿਆਂ ਨੂੰ ਉਜਾਗਰ ਕਰਨ ਵਿੱਚ ਸਾਥ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਕਾਟਲੈਂਡ ਵਿੱਚ ਹਰ ਕਿਸੇ ਨੂੰ ਬਗੈਰ ਕਿਸੇ ਵਿਤਕਰੇ ਦੇ ਆਜ਼ਾਦੀ ਨਾਲ ਰਹਿਣ ਵਿਚਰਣ ਦਾ ਅਧਿਕਾਰ ਹੈ।


Vandana

Content Editor

Related News