ਈਰਾਨ ''ਤੇ ਮਿਜ਼ਾਈਲ ਅਤੇ ਪ੍ਰਮਾਣੂ ਪਾਬੰਦੀਆਂ ਬਰਕਰਾਰ ਰੱਖਣਗੇ ਬ੍ਰਿਟੇਨ, ਫਰਾਂਸ ਅਤੇ ਜਰਮਨੀ
Friday, Sep 15, 2023 - 04:48 PM (IST)
 
            
            ਵਿਆਨਾ (ਭਾਸ਼ਾ)- ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਮਾਣੂ ਪ੍ਰੋਗਰਾਮ ਅਤੇ ਬੈਲਿਸਟਿਕ ਮਿਜ਼ਾਈਲ ਉਤਪਾਦਨ ਨੂੰ ਲੈ ਕੇ ਈਰਾਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਬਰਕਰਾਰ ਰਹਿਣਗੀਆਂ। ਈਰਾਨ ਅਤੇ ਪੱਛਮੀ ਦੇਸ਼ਾਂ ਦਰਮਿਆਨ ਪ੍ਰਮਾਣੂ ਸਮਝੌਤੇ, ਜੋ ਕਿ ਖ਼ਤਮ ਹੋ ਚੁੱਕਾ ਹੈ, ਦੇ ਤਹਿਤ ਲਗਾਈਆਂ ਗਈਆਂ ਇਹ ਪਾਬੰਦੀਆਂ ਸਮਾਂ ਸਾਰਣੀ ਮੁਤਾਬਕ ਅਕਤੂਬਰ 'ਚ ਖ਼ਤਮ ਹੋਣੀਆਂ ਸਨ। ਯੂਰਪੀ ਦੇਸ਼ਾਂ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਉਹ ਸਮਝੌਤੇ ਦਾ ਪਾਲਣ ਨਾ ਕਰਨ 'ਤੇ ਈਰਾਨ 'ਤੇ ਆਪਣੀਆਂ ਪਾਬੰਦੀਆਂ ਨੂੰ ਬਰਕਰਾਰ ਰੱਖਣਗੇ।
ਇਨ੍ਹਾਂ ਦੇਸ਼ਾਂ ਨੇ ਈਰਾਨ 'ਤੇ ਪ੍ਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਬੈਲਿਸਟਿਕ ਮਿਜ਼ਾਈਲਾਂ ਨੂੰ ਵਿਕਸਿਤ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਪਾਬੰਦੀਆਂ ਤਹਿਤ, ਕਿਸੇ ਦੇ ਵੀ ਈਰਾਨ ਤੋਂ ਡਰੋਨ ਅਤੇ ਮਿਜ਼ਾਈਲਾਂ ਖਰੀਦਣ, ਵੇਚਣ ਜਾਂ ਟ੍ਰਾਂਸਫਰ ਕਰਨ ਦੀ ਮਨਾਹੀ ਹੈ। ਇਨ੍ਹਾਂ ਵਿੱਚ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਵਿੱਚ ਸ਼ਾਮਲ ਕਈ ਈਰਾਨੀ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨਾ ਵੀ ਸ਼ਾਮਲ ਹੈ। ਈਰਾਨ ਨੇ ਬੈਲਿਸਟਿਕ ਮਿਜ਼ਾਈਲਾਂ ਦਾ ਵਿਕਾਸ ਅਤੇ ਪ੍ਰੀਖਣ ਕਰਕੇ ਅਤੇ ਯੂਕ੍ਰੇਨ ਯੁੱਧ ਲਈ ਰੂਸ ਨੂੰ ਡਰੋਨ ਭੇਜ ਕੇ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ।
ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਕਿਹਾ ਕਿ ਪਾਬੰਦੀਆਂ ਉਦੋਂ ਤੱਕ ਲਾਗੂ ਰਹਿਣਗੀਆਂ, ਜਦੋਂ ਤੱਕ ਤਹਿਰਾਨ ਸੌਦੇ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰਦਾ। 8 ਸਾਲ ਪਹਿਲਾਂ ਹੋਏ ਸਮਝੌਤੇ ਮੁਤਾਬਕ ਇਹ ਪਾਬੰਦੀਆਂ 18 ਅਕਤੂਬਰ ਨੂੰ ਖ਼ਤਮ ਹੋਣ ਵਾਲੀਆਂ ਸਨ। ਸਾਲ 2015 ਦੇ ਪਰਮਾਣੂ ਸਮਝੌਤੇ ਦਾ ਮਤਲਬ ਇਹ ਯਕੀਨੀ ਬਣਾਉਣ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਵਿਕਸਤ ਨਾ ਕਰ ਸਕੇ। ਸਮਝੌਤੇ ਦੇ ਤਹਿਤ, ਈਰਾਨ ਨੇ ਆਰਥਿਕ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ਯੂਰੇਨੀਅਮ ਦੇ ਸੰਸ਼ੋਧਨ ਨੂੰ ਸੀਮਤ ਕਰਨ ਲਈ ਸਹਿਮਤ ਜਤਾਈ ਸੀ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            