ਬ੍ਰਿਸਬੇਨ : 2 ਘੰਟੇ ਦੀ ਦੇਰੀ ਨਾਲ ਘਰ ਪੁੱਜਾ ਪਤੀ, ਪਤਨੀ ਨੇ ਕਰ ਦਿੱਤਾ ਕਤਲ

03/20/2019 11:12:59 AM

ਬ੍ਰਿਸਬੇਨ, (ਏਜੰਸੀ)— ਆਸਟ੍ਰੇਲੀਆ 'ਚ ਰਹਿਣ ਵਾਲੀ ਇਕ ਔਰਤ ਕੈਟੀ ਐਨੀ ਕੈਸਲ 'ਤੇ ਆਪਣੇ ਪਤੀ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਉਸ ਨੂੰ 9 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਕੈਟੀ ਨੇ 2017 'ਚ ਆਪਣੇ ਪਤੀ ਨੂੰ ਗੁੱਸੇ 'ਚ ਆ ਕੇ ਮਾਰ ਦਿੱਤਾ ਸੀ। ਪੁਲਸ ਨੇ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ।ਮੰਗਲਵਾਰ ਨੂੰ 38 ਸਾਲਾ ਕੈਟੀ ਨੂੰ ਬ੍ਰਿਸਬੇਨ ਦੀ ਸਰਵ ਉੱਚ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੈਰੇਡ ਕੈਸਲ ਦੇ ਕਤਲ ਦੀ ਦੋਸ਼ੀ ਠਹਿਰਾਇਆ ਹੈ।

ਵਕੀਲ ਨੇ ਦੱਸਿਆ ਕਿ ਕ੍ਰਿਸਮਸ ਤੋਂ ਪਹਿਲਾਂ ਕੈਟੀ ਨੇ ਇਹ ਕਦਮ ਚੁੱਕਿਆ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਸ਼ਾਮ ਨੂੰ 8 ਵਜੇ ਕੈਸਲ ਕੰਮ ਤੋਂ ਘਰ ਆਇਆ ਤਾਂ ਕੈਟੀ ਦਾ ਉਸ ਨਾਲ ਝਗੜਾ ਹੋ ਗਿਆ। ਝਗੜੇ ਦਾ ਕਾਰਨ ਸੀ ਕਿ ਕੈਸਲ ਦੋ ਘੰਟੇ ਦੀ ਦੇਰੀ ਨਾਲ ਘਰ ਆਇਆ ਜਦ ਕਿ ਕੈਟੀ ਚਾਹੁੰਦੀ ਸੀ ਕਿ ਉਹ ਜਲਦੀ ਘਰ ਆਵੇ। ਇਸ ਦੌਰਾਨ ਪਹਿਲਾਂ ਤਾਂ ਕੈਟੀ ਨੇ ਕੈਸਲ ਉੱਤੇ ਲੈਪਟਾਪ ਸੁੱਟਿਆ ਅਤੇ ਫਿਰ ਰਸੋਈ 'ਚੋਂ ਚਾਕੂ ਲਿਆ ਕੇ ਉਸ ਦੀ ਛਾਤੀ 'ਚ ਮਾਰ ਦਿੱਤਾ। ਕੈਸਲ ਦੇ ਦਿਲ 'ਚ ਚਾਕੂ ਵੱਜਾ। ਜਦ ਉਸ ਦਾ ਪਤੀ ਖੂਨ ਨਾਲ ਲਥ-ਪਥ ਹੋ ਕੇ ਚੀਕਣ ਲੱਗਾ ਤਾਂ ਕੈਟੀ ਚਾਕੂ ਸੁੱਟ ਕੇ ਖੂਨ ਰੋਕਣ ਲਈ ਤੋਲਿਆ ਲੈ ਕੇ ਆਈ । ਉਸ ਨੇ ਐਮਰਜੈਂਸੀ ਵਿਭਾਗ ਨੂੰ ਫੋਨ ਕੀਤਾ। ਕੈਸਲ ਨੂੰ ਘਰ 'ਚ ਹੀ ਮੈਡੀਕਲ ਸਹਾਇਤਾ ਦਿੱਤੀ ਗਈ ਪਰ ਹਸਪਤਾਲ ਜਾਂਦਿਆਂ ਹੀ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਵਕੀਲ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦਾ ਚਾਰ ਸਾਲਾ ਬੱਚਾ ਵੀ ਘਰ 'ਚ ਹੀ ਮੌਜੂਦ ਸੀ। ਕੈਸਲ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਕੈਸਲ ਦੀ ਮੌਤ ਨੇ ਉਨ੍ਹਾਂ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਂ ਵਾਪਸ ਨਹੀਂ ਆ ਸਕਦਾ ਪਰ ਉਹ ਆਪਣੇ ਪੋਤੇ ਨੂੰ ਪਾਲ ਰਹੇ ਹਨ ਅਤੇ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ। ਪਰਿਵਾਰ ਨੇ ਦੱਸਿਆ ਕਿ ਕੈਟੀ ਕੈਸਲ ਨੂੰ ਮਾਨਸਿਕ ਪ੍ਰੇਸ਼ਾਨੀ ਦਿੰਦੀ ਸੀ ਅਤੇ ਇਸੇ ਕਾਰਨ ਉਸ ਨੇ ਉਨ੍ਹਾਂ ਦਾ ਪੁੱਤ ਉਨ੍ਹਾਂ ਕੋਲੋਂ ਖੋਹ ਲਿਆ।


Related News