''ਬ੍ਰਿਸਬੇਨ ਵਿਸਾਖੀ ਮੇਲਾ'' ਸ਼ਾਨੋ-ਸ਼ੌਕਤ ਨਾਲ ਸੰਪੰਨ
Tuesday, Apr 16, 2019 - 10:21 AM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕੁਈਨਜ਼ਲੈਂਡ, ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਬ੍ਰਿਸਬੇਨ ਸਿਟੀ ਕੌਂਸਲ, ਸਥਾਨਕ ਕੌਂਸਲਰ ਤੇ ਸੰਸਦ ਮੈਂਬਰਾਂ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਮੁੱਖ ਪ੍ਰਬੰਧਕ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਮਾਸਟਰ ਪਰਮਿੰਦਰ ਸਿੰਘ, ਗੁਰਦੀਪ ਸਿੰਘ ਨਿੱਝਰ ਅਤੇ ਦੀਪਇੰਦਰ ਸਿੰਘ ਵਲੋ ਸਾਂਝੇ ਤੌਰ 'ਤੇ 'ਬ੍ਰਿਸਬੇਨ ਵਿਸਾਖੀ ਮੇਲਾ' ਕੈਲਮਵੇਲ ਵਿਖੇ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।
ਮੇਲੇ ਵਿੱਚ ਸਿੰਘਾਂ ਵਲੋਂ ਗਤਕੇ ਦੇ ਜੌਹਰ, ਰਿੱਚ ਵਿਰਸਾ ਕਲੱਬ ਅਤੇ ਸ਼ੇਰੇ-ਏ-ਪੰਜਾਬ ਦੇ ਗੁਰਦੀਪ ਸਿੰਘ ਨਿੱਝਰ, ਦੀਪਇੰਦਰ ਸਿੰਘ, ਜਗਦੀਪ ਸਿੰਘ ਭਿੰਡਰ ਅਤੇ ਊਧਮ ਸਿੰਘ ਦੀ ਅਗਵਾਈ ਵਿੱਚ ਗਾਇਕ ਰਾਜਦੀਪ ਲਾਲੀ ਅਤੇ ਗਾਇਕ ਮਲਕੀਤ ਧਾਲੀਵਾਲ ਵਲੋਂ ਪੰਜਾਬੀ ਬੋਲੀਆਂ, ਲੋਕ-ਨਾਚ ਭੰਗੜਾ- ਗਿੱਧਾ, ਰੱਸਾ-ਕਸੀ , ਵਾਲੀਬਾਲ, ਫੁੱਟਬਾਲ ਆਦਿ ਖੇਡਾਂ ਤੋਂ ਇਲਾਵਾ ਸਮਾਜਿਕ ਕੁਰੀਤੀਆਂ 'ਤੇ ਚੋਟ ਮਾਰਦੇ ਨਾਟ-ਡਰਾਮੇ, ਖਾਣ-ਪੀਣ ਅਤੇ ਬੱਚਿਆਂ ਦੇ ਮਨੋਰੰਜਨ ਲਈ ਸੱਭਿਆਚਾਰਕ ਵੰਨਗੀਆਂ ਵੀ ਖਿੱਚ ਦਾ ਕੇਂਦਰ ਰਹੀਆਂ ।
ਸੰਸਦ ਮੈਂਬਰ ਸਟਰਲਿੰਗ ਹਿੰਨਚਲਿਫ ਅਤੇ ਕੌਂਸਲਰ ਐਜਲਾ ਓਵਨ ਦੇ ਸਹਿਯੋਗ ਦੇ ਨਾਲ ਸਰਕਾਰੀ ਪੱਧਰ 'ਤੇ 'ਸਿਟੀਜ਼ਨਸ਼ਿਪ ਸਮਾਰੋਹ' ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ 80 ਦੇ ਕਰੀਬ ਪ੍ਰਵਾਸੀਆਂ ਨੇ ਸਹੁੰ ਚੁੱਕ ਆਸਟ੍ਰੇਲੀਆਈ ਨਾਗਰਿਕਤਾ ਪ੍ਰਾਪਤ ਕਰਨ ਦਾ ਮਾਣ ਹਾਸਿਲ ਕੀਤਾ। ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਮਾਸਟਰ ਪਰਮਿੰਦਰ ਸਿੰਘ, ਗੁਰਦੀਪ ਸਿੰਘ ਨਿੱਝਰ ਅਤੇ ਦੀਪਇੰਦਰ ਸਿੰਘ ਨੇ ਸਾਂਝੇ ਤੌਰ 'ਤੇ ਸਮੂਹ ਸੰਗਤਾਂ ਦਾ ਮੇਲੇ ਦੀ ਸਫਲਤਾ ਲਈ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਜਸਵਿੰਦਰ ਰਾਣੀਪੁਰ ਅਤੇ ਸ਼ੈਰਨ ਨਿੱਝਰ ਵਲੋਂ ਕੀਤਾ ਗਿਆ।