ਬ੍ਰਿਸਬੇਨ 'ਚ ਭਾਰਤੀ ਵਪਾਰੀ ਦੇ ਕਤਲ ਦਾ ਮਾਮਲਾ, ਪੁਲਸ ਨੇ ਸ਼ੱਕੀ ਨੂੰ ਲਿਆ ਹਿਰਾਸਤ 'ਚ
Saturday, Jul 21, 2018 - 01:34 PM (IST)

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਬੀਤੇ ਸਾਲ 25 ਅਕਤੂਬਰ 2017 ਨੂੰ ਭਾਰਤੀ ਮੂਲ ਦੇ ਇਕ ਸ਼ਖਸ ਦਾ ਉਸ ਦੇ ਹੀ ਘਰ ਵਿਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ। ਕੁਈਨਜ਼ਲੈਂਡ ਪੁਲਸ ਇਸ ਕਤਲ ਮਾਮਲੇ ਦੀ ਜਾਂਚ 'ਚ ਅਜੇ ਵੀ ਜੁੱਟੀ ਹੋਈ ਹੈ। ਕਤਲ ਕੀਤੇ ਗਏ ਭਾਰਤੀ ਦਾ ਨਾਂ ਅਬਦੁੱਲ ਮੁਹੰਮਦ ਹੈ। 25 ਅਕਤੂਬਰ 2017 ਦੀ ਸਵੇਰ ਨੂੰ ਮੁਹੰਮਦ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਘਰ ਦੇ ਵਿਹੜੇ ਵਿਚ ਮ੍ਰਿਤਕ ਮਿਲੇ ਸਨ। ਅਬਦੁੱਲ ਬ੍ਰਿਸੇਬਨ 'ਚ ਇਕ ਰੈਸਟੋਰੈਂਟ ਚਲਾਉਂਦੇ ਸਨ ਅਤੇ ਜਿਸ ਸਮੇਂ ਮੁਹੰਮਦ ਦਾ ਕਤਲ ਕੀਤਾ ਗਿਆ, ਉਸ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਸੌਂ ਰਹੇ ਸਨ।
ਇਸ ਸਾਲ ਜੂਨ ਮਹੀਨੇ ਪੁਲਸ ਨੇ ਇਕ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ ਸੀ, ਜਿਸ 'ਚ ਇਕ ਵਿਅਕਤੀ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ। ਪੁਲਸ ਦਾ ਮੰਨਣਾ ਹੈ ਕਿ ਮੁਹੰਮਦ ਦੇ ਕਤਲ ਦੇ ਪਿੱਛੇ ਅਣਪਛਾਤੇ ਵਿਅਕਤੀ ਦਾ ਹੱਥ ਹੋ ਸਕਦਾ ਹੈ। ਮੁਹੰਮਦ ਦੇ ਕਤਲ ਮਗਰੋਂ ਜੋ ਹਥਿਆਰ ਵਰਤਿਆ ਗਿਆ ਸੀ, ਉਸ ਨੂੰ ਲੱਭਿਆ ਜਾ ਰਿਹਾ ਹੈ।
ਪੁਲਸ ਦੇ ਜਾਸੂਸਾਂ ਦੀ ਸ਼ੱਕ ਦੀ ਸੂਈ ਉਸ ਦੇ ਭਰਾ ਦੇ ਪਰਿਵਾਰ 'ਤੇ ਗਈ। ਪੁਲਸ ਵਲੋਂ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ 'ਚ ਹੋਰ ਸਮਾਂ ਲੱਗ ਸਕਦਾ ਹੈ। ਪੁਲਸ ਨੇ ਪੀੜਤ ਮੁਹੰਮਦ ਦੇ 21 ਸਾਲਾ ਭਤੀਜੇ ਨੂੰ ਹਿਰਾਸਤ 'ਚ ਲਿਆ ਹੈ, ਜਿਸ 'ਤੇ 14 ਦੋਸ਼ ਲਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇਸਲਾਮਿਕ ਸਟੇਟ 'ਚ ਸ਼ਾਮਲ ਹੋਣ ਲਈ ਸੀਰੀਆ ਦੀ ਯਾਤਰਾ ਕਰਨ ਵਾਲਾ ਸੀ। ਕੋਰਟ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ 'ਤੇ ਇਸ ਕੰਮ ਨੂੰ ਅੰਜਾਮ ਦੇਣ ਲਈ ਬੱਚਿਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਸੀ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਨੇ ਮੁਹੰਮਦ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 250,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।