ਬ੍ਰਿਸਬੇਨ ਵਿਖੇ ਪ੍ਰੋ. ਹਰਪਾਲ ਸਿੰਘ ਪੰਨੂ ਹੋਣਗੇ ਰੂ-ਬ-ਰੂ

06/15/2019 9:23:38 AM

ਬ੍ਰਿਸਬੇਨ, (ਸੁਰਿੰਦਰਪਾਲ ਖੁਰਦ)— ਵਿਦੇਸ਼ੀ ਧਰਤੀ 'ਤੇ ਸਿੱਖੀ ਅਤੇ ਪੰਜਾਬੀ ਸਾਹਿਤ ਦੇ ਪਸਾਰੇ ਲਈ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਦੋ ਦਿਨਾ 15 ਜੂਨ ਨੂੰ 'ਸਿੱਖ ਵੈੱਲਫੇਅਰ ਐਂਡ ਐਜੂਕੇਸ਼ਨ ਸੈਂਟਰ' ਅਤੇ 16 ਜੂਨ ਨੂੰ ਗੁਰਦੁਆਰਾ ਸਾਹਿਬ ਲੋਗਨ ਰੋਡ ਵਿਖੇ ਵਿਸ਼ਵ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮ ਵਿਚ ਪੰਜਾਬੀ ਭਾਸ਼ਾ, ਸਾਹਿਤ, ਗੁਰਬਾਣੀ, ਸਿੱਖ ਇਤਿਹਾਸ, ਮੌਜੂਦਾ ਨਿਘਾਰ ਅਤੇ ਭਵਿੱਖੀ ਪ੍ਰਬੰਧਾਂ ਆਦਿ ਉੱਪਰ ਵਿਸਥਾਰਤ ਤਕਰੀਰਾਂ ਹੋਣਗੀਆਂ। ਇਹ ਜਾਣਕਾਰੀ ਪੰਜ ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਅਤੇ ਗੁਰੂ ਘਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨਾਲ ਮੀਡੀਆ ਨੂੰ ਸੰਬੋਧਨ 'ਚ ਸਾਂਝੀ ਕੀਤੀ।
 

PunjabKesari

ਉਨ੍ਹਾਂ ਕਿਹਾ ਕਿ ਇਸ ਸਮਾਗਮ 'ਚ ਮੈਲਬੋਰਨ ਨਿਵਾਸੀ ਲੇਖਕ ਗਿੰਨੀ ਸਾਗੂ ਦੁਆਰਾ ਲਿਖਤ ਸਫ਼ਰਨਾਮਾ 'ਅਣਡਿੱਠੀ ਦੁਨੀਆ' ਦਾ ਵੀ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਹਿਤਕ ਵਿਚਾਰ-ਬੈਠਕ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਸਾਖੀ ਪ੍ਰੰਪਰਾ ਬਾਬਤ ਸਾਰਥਕ ਤਕਰੀਰਾਂ ਵੀ ਹੋਣਗੀਆਂ। ਗੁਰੂਘਰ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਅਵਨਿੰਦਰ ਸਿੰਘ ਲਾਲੀ ਗਿੱਲ, ਹਰਪਾਲ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਬਾਲ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਨਿੱਝਰ, ਤਜਿੰਦਰਪਾਲ ਸਿੰਘ, ਮੁਖ਼ਤਿਆਰ ਸਿੰਘ ਅਤੇ ਹਰਦੇਵ ਸਿੰਘ ਵਲੋਂ ਸਾਂਝੇ ਰੂਪ 'ਚ ਭਾਈਚਾਰੇ ਨੂੰ ਇਸ ਵਿਲੱਖਣ ਸਾਹਿਤਕ ਸਮਾਗਮ 'ਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਡਾ. ਹਰਪਾਲ ਸਿੰਘ ਪੰਨੂ ਨੂੰ ਸਾਲ 1988 ਵਿਚ 'ਸਿੱਖ ਸਟੱਡੀਜ਼' ਬਾਬਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰੇਟ (ਪੀ. ਐੱਚ. ਡੀ.) ਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ। ਪ੍ਰੋ. ਪੰਨੂ ਆਪਣੀ ਵਿਲੱਖਣ ਸਾਹਿਤਕ ਘਾਲਣਾ ਜ਼ਰੀਏ ਹੁਣ ਤੱਕ ਐੱਮ. ਐੱਸ. ਰੰਧਾਵਾ ਗਿਆਨ ਪੁਰਸਕਾਰ 2010, ਬਾਬਾ ਬੰਦਾ ਸਿੰਘ ਐਵਾਰਡ, ਬਾਬਾ ਖਾਨ ਸਿੰਘ ਨਾਭਾ ਐਵਾਰਡ ਆਦਿ ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਹਨ। ਉਨ੍ਹਾਂ ਵੱਲੋਂ ਸਾਹਿਤ ਦੇ ਰੂਪ ਵਿਚ ਅਮੁੱਲ ਖ਼ਜ਼ਾਨਾ ਕੌਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।


Related News