''ਮਨਮੀਤ ਅਲੀਸ਼ੇਰ'' ਦੀ ਮੌਤ ਤੋਂ ਬਾਅਦ ਬ੍ਰਿਸਬੇਨ ''ਚ ਡਰਾਈਵਰ ਦੀ ਕੁੱਟਮਾਰ, ਗੰਭੀਰ ਜ਼ਖਮੀ

08/28/2017 1:39:07 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਇਕ 17 ਸਾਲਾ ਲੜਕੇ 'ਤੇ ਬੱਸ ਡਰਾਈਵਰ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ। ਪੁਲਸ ਮੁਤਾਬਕ ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ, ਜੋ ਕਿ ਸਵੇਰੇ 6.00 ਵਜੇ ਵਾਪਰੀ। ਪੁਲਸ ਦਾ ਕਹਿਣਾ ਹੈ ਕਿ 17 ਸਾਲਾ ਲੜਕਾ ਮਾਊਂਟ ਗ੍ਰੇਵੈਟ ਈਸਟ ਤੋਂ ਇਕ ਔਰਤ ਨਾਲ ਬੱਸ 'ਚ ਸਵਾਰ ਹੋਇਆ ਸੀ। ਔਰਤ ਦੀ ਡਰਾਈਵਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਾਂ ਲੜਕਾ ਡਰਾਈਵਰ ਨਾਲ ਹੋ ਰਹੇ ਝਗੜੇ ਵਿਚ ਸ਼ਾਮਲ ਹੋ ਗਿਆ। ਉਸ ਨੇ 67 ਸਾਲਾ ਬੱਸ ਡਰਾਈਵਰ ਨੂੰ ਦਬਾਅ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਬੱਸ 'ਚੋਂ ਦੌੜ ਕੇ ਉਤਰਨ ਤੋਂ ਪਹਿਲਾਂ ਉਸ 'ਤੇ ਮੁੜ ਮੁੱਕੇ ਮਾਰਨ ਦੀ ਕੋਸ਼ਿਸ਼ ਕੀਤੀ। 
ਜ਼ਖਮੀ ਹਾਲਤ ਵਿਚ ਡਰਾਈਵਰ ਨੂੰ ਹਸਪਤਾਲ ਪਹੁੰਚਿਆ ਗਿਆ, ਉਸ ਦੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਨੇ ਲੜਕੇ ਨੂੰ ਡਰਾਈਵਰ 'ਤੇ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਓਧਰ ਟਰੇਨ, ਟਰਾਮਾ ਅਤੇ ਬੱਸ ਯੂਨੀਅਨ ਦੇ ਬੁਲਾਰੇ ਨੇ ਕਿਹਾ ਕਿ ਡਰਾਈਵਰਾਂ ਦੀ ਸੁਰੱਖਿਆ ਮੁੱਖ ਚਿੰਤਾ ਹੈ। 
ਦੱਸਣਯੋਗ ਹੈ ਕਿ ਬੀਤੇ ਸਾਲ ਪੰਜਾਬ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਨਾਂ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਨਮੀਤ ਇੱਥੇ ਬੱਸ ਡਰਾਈਵਰ ਸੀ ਅਤੇ ਉਸ 'ਤੇ ਇਕ ਗੋਰੇ ਨੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਾ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।


Related News