ਬ੍ਰਿਕਸ ਸੰਮੇਲਨ ''ਚ ਸ਼ੀ-ਮੋਦੀ ਦੀ ਹੋਵੇਗੀ ਮੁਲਾਕਾਤ, ਇਸ ਮਸ਼ਹੂਰ ਰੈਸਟੋਰੈਂਟ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ

Sunday, Sep 03, 2017 - 06:34 PM (IST)

ਬੀਜਿੰਗ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਚੀਨ ਦੇ ਸ਼ਿਆਮੇਨ ਸ਼ਹਿਰ ਲਈ ਰਵਾਨਾ ਹੋ ਗਏ ਹਨ। ਮੋਦੀ ਚੀਨ 'ਚ 3 ਤੋਂ 5 ਸਤੰਬਰ ਤੱਕ ਰਹਿਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਖਾਣ-ਪੀਣ ਦਾ ਪੂਰਾ ਜ਼ਿੰਮਾ ਸ਼ਿਆਮੇਨ ਸ਼ਹਿਰ ਦੇ ਮਸ਼ਹੂਰ 'ਤੰਦੂਰੀ ਇੰਡੀਅਨ ਰੈਸਟੋਰੈਂਟ' ਨੂੰ ਦਿੱਤਾ ਗਿਆ ਹੈ। ਇਸ ਰੈਸਟੋਰੈਂਟ ਦੇ ਜਨਰਲ ਮੈਨੇਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੀਡੀਆ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਦੇ ਸ਼ਾਕਾਹਾਰੀ ਹੋਣ ਨੂੰ ਧਿਆਨ 'ਚ ਰੱਖ ਕੇ ਤਿਆਰੀ ਕਰਨੀ ਹੈ।
ਜ਼ਿਕਰਯੋਗ ਹੈ ਕਿ ਬ੍ਰਿਕਸ ਦੀ ਸਲਾਨਾ ਬੈਠਕ ਚੀਨ ਦੇ ਸ਼ਿਆਮੇਨ ਸ਼ਹਿਰ 'ਚ ਹੋਵੇਗੀ। ਇਸ 3 ਦਿਨਾਂ ਬੈਠਕ ਵਿਚ 5 ਮੈਂਬਰ ਦੇਸ਼— ਬ੍ਰਾਜ਼ੀਲ, ਭਾਰਤ, ਰੂਸ, ਚੀਨ ਅਤੇ ਦੱਖਣੀ ਅਫਰੀਕਾ ਹਿੱਸਾ ਲੈਣਗੇ। ਇਸ ਦੌਰਾਨ ਜੇਕਰ ਮੋਦੀ-ਸ਼ੀ ਦੀ ਬੈਠਕ ਹੋਈ ਤਾਂ ਇਨ੍ਹਾਂ ਦੋਹਾਂ ਨੇਤਾਵਾਂ ਦੀ ਇਸ ਸਾਲ ਇਹ ਤੀਜੀ ਬੈਠਕ ਹੋਵੇਗੀ। ਇਸ ਵਾਰ ਮੋਦੀ ਦੀ ਚੀਨ ਯਾਤਰਾ ਬਹੁਤ ਅਹਿਮ ਹੋਣ ਜਾ ਰਹੀ ਹੈ, ਕਿਉਂਕਿ ਡੋਕਲਾਮ ਦੇ ਮੁੱਦੇ 'ਤੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਵਧ ਗਿਆ ਸੀ ਅਤੇ ਫੌਜਾਂ ਆਹਮਣੇ-ਸਾਹਮਣੇ ਖੜ੍ਹੀਆਂ ਸਨ। ਹਾਲਾਂਕਿ ਮੋਦੀ ਦੇ ਚੀਨ ਰਵਾਨਾ ਹੋਣ ਦੇ ਕੁਝ ਦਿਨ ਪਹਿਲਾਂ ਹੀ ਦੋਹਾਂ ਦੇਸ਼ਾਂ ਨੇ ਆਪਣੀ-ਆਪਣੀ ਫੌਜ ਵਾਪਸ ਬੁਲਾ ਲਈ ਹੈ ਪਰ ਫਿਰ ਵੀ ਇਸ ਮੁੱਦੇ 'ਤੇ ਅਜੇ ਵੀ ਤਸਵੀਰ ਪੂਰੀ ਤਰ੍ਹਾਂ ਨਾਲ ਸਾਫ ਨਹੀਂ ਹੋ ਸਕੀ ਹੈ।


Related News