ਬ੍ਰੈਗਜ਼ਿਟ : 31 ਜਨਵਰੀ ਨੂੰ ਯੂਰਪੀ ਸੰਘ ਤੋਂ ਬਾਹਰ ਹੋਵੇਗਾ ਬ੍ਰਿਟੇਨ, ਤਰੀਕ ਹੋਈ ਪੱਕੀ

01/19/2020 8:35:08 AM

ਲੰਡਨ— ਬ੍ਰਿਟੇਨ ਦੀ ਸਰਕਾਰ ਨੇ ਯੂਰਪੀ ਸੰਘ (ਈ. ਯੂ.) ਤੋਂ ਅਲੱਗ ਹੋਣ ਦੀ ਤਰੀਕ ਪੱਕੀ ਕਰ ਦਿੱਤੀ ਹੈ। ਅਧਿਕਾਰਤ ਯੋਜਨਾ ਅਨੁਸਾਰ 31 ਜਨਵਰੀ ਨੂੰ ਬ੍ਰਿਟੇਨ ਈ. ਯੂ. ਨਾਲੋਂ ਅਲੱਗ ਹੋ ਜਾਵੇਗਾ। ਇਸ ਘੜੀ ਨੂੰ ਯਾਦਗਾਰ ਬਣਾਉਣ ਲਈ ਲਾਈਟ ਨਾਲ ਸਜੇ 10 ਡਾਊਨਿੰਗ ਸਟ੍ਰੀਟ ’ਤੇ ਇਕ ਵੱਡੀ ਘੜੀ ਰਾਹੀਂ ਕਾਊਂਟਡਾਊਨ ਨੂੰ ਦਿਖਾਇਆ ਜਾਵੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬ੍ਰੈਗਜ਼ਿਟ ਤੋਂ ਠੀਕ ਪਹਿਲਾਂ ਸਥਾਨਕ ਸਮੇਂ ਅਨੁਸਾਰ ਰਾਤ ਦੇ 11 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਉਸ ਤੋਂ ਪਹਿਲਾਂ ਉਹ ਕੈਬਨਿਟ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਨਗੇ।

ਵ੍ਹਾਈਟ ਹਾਲ ਦੇ ਆਸ-ਪਾਸ ਦੀਆਂ ਇਮਾਰਤਾਂ ’ਤੇ ਵੀ ਲਾਈਟਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਲੀਮੈਂਟ ਸਕੁਆਇਰ ਦੇ ਸਾਰੇ ਫਲੈਗ ਪੋਲਾਂ ’ਤੇ ਬ੍ਰਿਟੇਨ ਦਾ ਝੰਡਾ ਲਹਿਰਾਇਆ ਜਾਵੇਗਾ।

ਕੀ ਹੈ ਬ੍ਰੈਗਜ਼ਿਟ?
ਬ੍ਰੈਗਜ਼ਿਟ ਦਾ ਮਤਲਬ ਬ੍ਰਿਟੇਨ ਐਗਜ਼ਿਟ ਯਾਨੀ ਬ੍ਰਿਟੇਨ ਦਾ ਬਾਹਰ ਹੋਣਾ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਬ੍ਰਿਟੇਨ ਦਾ ਯੂਰਪੀ ਯੂਨੀਅਨ 'ਚੋਂ ਬਾਹਰ ਹੋਣਾ।


PunjabKesari

ਯੂਰਪੀ ਸੰਘ ਕੀ ਹੈ?
ਯੂਰਪੀ ਸੰਘ ਇਕ ਆਰਥਿਕ ਤੇ ਰਾਜਨੀਤਿਕ ਸੰਘ ਹੈ, ਜਿਸ ਵਿਚ 28 ਯੂਰਪੀਅਨ ਦੇਸ਼ ਸ਼ਾਮਲ ਹਨ। ਇੱਥੋਂ ਦੇ ਲੋਕ ਯੂਰਪ ਦੇ ਕਿਸੇ ਵੀ ਦੇਸ਼ 'ਚ ਵਪਾਰ, ਕੰਮ ਅਤੇ ਘੁੰਮ-ਫਿਰ ਤੇ ਰਹਿ ਸਕਦੇ ਹਨ। ਯੂਰਪੀ ਸੰਘ 'ਚ ਯੂ. ਕੇ. 1973 'ਚ ਸ਼ਾਮਲ ਹੋਇਆ ਸੀ। ਜੇਕਰ ਬ੍ਰਿਟੇਨ ਇਸ ਨੂੰ ਛੱਡਦਾ ਹੈ ਤਾਂ ਉਹ ਯੂਰਪੀ ਸੰਘ ਤੋਂ ਬਾਹਰ ਹੋਣ ਵਾਲਾ ਪਹਿਲਾ ਮੈਂਬਰ ਹੋਵੇਗਾ।
ਯੂ. ਕੇ. ਨੂੰ ਯੂਰਪੀ ਸੰਘ ਛੱਡਣਾ ਚਾਹੀਦਾ ਹੈ ਜਾਂ ਨਹੀਂ ਇਸ ਲਈ 23 ਜੂਨ, 2016 ਨੂੰ ਬ੍ਰਿਟੇਨ 'ਚ ਰਾਇਸ਼ੁਮਾਰੀ ਕਰਵਾਈ ਗਈ ਸੀ। 3 ਕਰੋੜ ਤੋਂ ਵਧੇਰੇ ਲੋਕਾਂ ਨੇ ਇਸ ਮਤਦਾਨ 'ਚ ਹਿੱਸਾ ਲਿਆ ਸੀ, ਜਿਸ 'ਚੋਂ 52 ਫੀਸਦੀ ਯਾਨੀ 1.74 ਕਰੋੜ ਲੋਕਾਂ ਨੇ ਬ੍ਰੈਗਜ਼ਿਟ ਨੂੰ ਚੁਣਿਆ।


Related News